ਟੈਸਟ ਰੈਂਕਿੰਗ: ਵਿਰਾਟ ਕੋਹਲੀ ਦੀ ਸਰਦਾਰੀ ਕਾਇਮ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਦੀ ਬੱਲੇਬਾਜ਼ਾਂ ਦੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਚੇਤੇਸ਼ਵਰ ਪੁਜਾਰਾ ਪਹਿਲੇ ਪੰਜ ਵਿੱਚ ਸ਼ਾਮਲ ਹੋ ਗਿਆ ਹੈ, ਜਦੋਂਕਿ ਜਸਪ੍ਰੀਤ ਬਮਰਾਹ ਗੇਂਦਬਾਜ਼ਾਂ ਵਿੱਚ ਆਪਣੀ ਸਰਵੋਤਮ ਰੈਂਕਿੰਗ ਹਾਸਲ ਕਰਨ ਵਿੱਚ ਸਫਲ ਰਿਹਾ।ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਐਡੀਲੇਡ ਟੈਸਟ ਮੈਚ ਵਿੱਚ 123 ਅਤੇ 71 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਨਾਲ ਉਹ ਬੱਲੇਬਾਜ਼ੀ ਰੈਂਕਿੰਗ ਵਿੱਚ ਜੋਏ ਰੂਟ ਅਤੇ ਡੇਵਿਡ ਵਾਰਨਰ ਨੂੰ ਪਛਾੜ ਕੇ ਚੌਥੇ ਨੰਬਰ ’ਤੇ ਪਹੁੰਚ ਗਿਆ ਹੈ। ਉਹ ਤੀਜੇ ਨੰਬਰ ’ਤੇ ਕਾਬਜ਼ ਸਟੀਵਨ ਸਮਿੱਥ ਤੋਂ 55 ਅੰਕ ਪਿੱਛੇ ਅਤੇ ਪੰਜਵੇਂ ਨੰਬਰ ਦੇ ਰੂਟ ਤੋਂ 39 ਅੰਕ ਅੱਗੇ ਹੈ। ਕੋਹਲੀ ਬੱਲੇਬਾਜ਼ਾਂ ਵਿੱਚ ਸਿਖ਼ਰ ’ਤੇ ਕਾਇਮ ਹੈ, ਪਰ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਉਸ ਨੂੰ ਤੇਜ਼ੀ ਨਾਲ ਟੱਕਰ ਦੇ ਰਿਹਾ ਹੈ। ਪਾਕਿਸਤਾਨ ਖ਼ਿਲਾਫ਼ ਤੀਜੇ ਟੈਸਟ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਲੀਅਮਸਨ 900 ਰੇਟਿੰਗ ਅੰਕ ਹਾਸਲ ਕਰਨ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਅਤੇ ਦੁਨੀਆ ਦਾ 32ਵਾਂ ਬੱਲੇਬਾਜ਼ ਬਣ ਗਿਆ ਹੈ। ਵਿਲੀਅਮਸਨ ਨੇ ਆਬੂਧਾਬੀ ਵਿੱਚ ਨਿਊਜ਼ੀਲੈਂਡ ਦੀ 123 ਦੌੜਾਂ ਦੀ ਜਿੱਤ ਦੌਰਾਨ 89 ਅਤੇ 139 ਦੌੜਾਂ ਦੀਆਂ ਦੋ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਤਰ੍ਹਾਂ ਉਸ ਨੂੰ 37 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ। ਉਹ ਸਮਿੱਥ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਹੁਣ ਉਸ ਦੇ 913 ਅੰਕ ਹਨ। ਕੋਹਲੀ ਪਹਿਲੇ ਟੈਸਟ ਮੈਚ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਨੇ ਤਿੰਨ ਅਤੇ 34 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ 15 ਅੰਕਾਂ ਦਾ ਨੁਕਸਾਨ ਹੋਇਆ ਹੈ। ਹੁਣ ਕੋਹਲੀ ਦੇ 920 ਅੰਕ ਹਨ। ਵਿਲੀਅਮਸਨ ਅਤੇ ਕੋਹਲੀ ਵਿਚਾਲੇ ਅੱਵਲ ਨੰਬਰ ਲਈ ਸੱਤ ਅੰਕਾਂ ਦੀ ਫ਼ਰਕ ਰਹਿ ਗਿਆ ਹੈ। ਭਾਰਤੀ ਕਪਤਾਨ ਨੂੰ ਆਪਣਾ ਸਥਾਨ ਬਰਕਰਾਰ ਰੱਖਣ ਲਈ ਪਰਥ ਵਿੱਚ ਦੂਜੇ ਮੈਚ ਦੌਰਾਨ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

VIA PUNJAB