- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਢਾਈ ਦਹਾਕਿਆਂ ਤੋਂ ਸਿੱਖ ਸਿਆਸਤ ਦੀਆਂ 2 ਧੁਰ ਵਿਰੋਧੀ ਧਿਰਾਂ ਬਾਦਲ ਧੜਾ ਤੇ ਸਰਨਾ ਧੜਾ ਵਲੋਂ ਕੌਮੀ ਭਲੇ ਲਈ ਏਕਤਾ ਦਾ ਐਲਾਨ
ਨਵੀਂ ਦਿੱਲੀ, 9 ਅਕਤੂਬਰ (ਵਾਇਆ ਪੰਜਾਬ ਬਿਊਰੋ)
ਸਾਲ 2022 ਖਤਮ ਹੋਣ ਤੋਂ ਪਹਿਲਾਂ ਦਿੱਲੀ ਦੀ ਸਿੱਖ ਸਿਆਸਤ ਨੇ ਇਕ ਨਵੀਂ ਕਰਵਟ ਲੈ ਲਈ ਹੈ | ਪਿਛਲੇ ਤਕਰੀਬਨ ਢਾਈ ਦਹਾਕਿਆਂ ਤੋਂ ਸਿੱਖ ਸਿਆਸਤ ਦੀਆਂ 2 ਧੁਰ ਵਿਰੋਧੀ ਧਿਰਾਂ ਬਾਦਲ ਧੜਾ ਤੇ ਸਰਨਾ ਧੜਾ ਵਲੋਂ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਸਾਂਝੇ ਤੌਰ ‘ਤੇ ਟਾਕਰਾ ਕਰਨ ਦਾ ਐਲਾਨ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਰਿਹਾਇਸ਼ ਪੰਜਾਬੀ ਬਾਗ ਵਿਖੇ ‘ਪੰਥਕ-ਮੇਲ’ ਦੇ ਨਾਂਅ ‘ਤੇ ਕਰਵਾਈ ਗਈ ਵੱਡੀ ਪੰਥਕ ਇਕੱਤਰਤਾ ‘ਚ ਹਾਜ਼ਰੀ ਭਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਹਾਲਾਤ ਦੇ ਮੱਦੇਨਜ਼ਰ ਇਕਜੱੁਟ ਹੋਣ ਲਈ ਜਿਥੇ ਸਰਨਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਉਥੇ ਹੀ ਆਪਣੀ ਪਾਰਟੀ ਦੀ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਵੀ ਪਰਮਜੀਤ ਸਿੰਘ ਸਰਨਾ ਨੂੰ ਸੌਂਪਣ ਦਾ ਐਲਾਨ ਕੀਤਾ | ਹਾਲਾਂਕਿ ਇਸ ਪੂਰੇ ਪ੍ਰੋਗਰਾਮ ਦੌਰਾਨ ਸੁਖਬੀਰ ਅਤੇ ਸਰਨਾ ਜਾਂ ਕਿਸੇ ਹੋਰ ਬੁਲਾਰੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ) ਦਾ ਰਲੇਵਾਂ ਕਰਨ ਜਾਂ ਨਾ ਕਰਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ | ਜਦਕਿ ਦੂਜੇ ਪਾਸੇ ਬਾਦਲ ਦਲ ਵਲੋਂ ਜਾਰੀ ਪ੍ਰੈੱਸ ਨੋਟ ‘ਚ ਸਰਨਾ ਧੜੇ ਦੇ ਰਲੇਵੇਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ, ਪਰ ਸਰਨਾ ਧੜੇ ਦੇ ਮੁਖੀ ਅਹੁਦੇਦਾਰਾਂ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਿਰਫ ਪੰਥਕ-ਮੇਲ ਹੋਇਆ ਹੈ | ਪੰਥਕ ਇਕੱਤਰਤਾ ‘ਚ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਕਰੀਰ ਦੌਰਾਨ ਅਕਾਲੀ ਦਲ ਦਾ ਇਤਿਹਾਸ ਤੇ ਕੁਰਬਾਨੀਆਂ ਜ਼ਿਕਰ ਕਰਨ ਦੇ ਨਾਲ ਹੀ ਹਕੂਮਤਾਂ ਦੀ ਸ਼ਹਿ ‘ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਪੰਥਕ ਗੱਦਾਰ ਐਲਾਨਿਆ ਅਤੇ ਕਿਹਾ ਕਿ ਇਹ ਇਕੱਤਰਤਾ ਪੰਥਕ ਮੁੜ ਸੁਰਜੀਤੀ ਦਾ ਸੰਕੇਤ ਦਿੰਦੀ ਹੈ | ਉਨ੍ਹਾਂ ਕਿਹਾ ਕਿ ਹਕੂਮਤਾਂ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ | ਇਸ ਲਈ ਬਾਹਰੀ ਹਮਲੇ ਅਤੇ ਅੰਦਰੂਨੀ ਤੋੜ-ਫੋੜ ਨਾਲ ਲੜਨ ਲਈ ਪੰਥਕ ਏਕਤਾ ਸਮੇਂ ਦੀ ਇਤਿਹਾਸਕ ਲੋੜ ਹੈ | ਸੁਖਬੀਰ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਸਰਨਾ ਭਰਾਵਾਂ ਨੇ ਜੋ ਪੰਥਕ ਏਕਤਾ ਦੀ ਸ਼ੁਰੂਆਤ ਕੀਤੀ ਹੈ, ਉਸ ਦਾ ਅਸੀਂ ਸਵਾਗਤ ਕਰਦੇ ਹਾਂ, ਨਾਲ ਹੀ ਸੁਖਬੀਰ ਨੇ ਪਾਰਟੀ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਸਰਨਾ ਨੂੰ ਸੌਂਪਣ ਤੇ ਭਵਿੱਖ ‘ਚ ਰਲ ਕੇ ਕੌਮ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਐਲਾਨ ਕੀਤਾ |
ਅਕਾਲੀ ਦਲ ਕਦੀ ਨਹੀਂ ਛੱਡਿਆ-ਸਰਨਾ
ਪਰਮਜੀਤ ਸਿੰਘ ਸਰਨਾ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਉਨ੍ਹਾਂ ਕਦੀ ਅਕਾਲੀ ਦਲ ਨੂੰ ਨਹੀਂ ਛੱਡਿਆ, ਜੇਕਰ ਕਈ ਕਾਰਨਾਂ ਕਰਕੇ ਦਿੱਲੀ ਵਿਚ ਵੱਖਰੀ ਪਾਰਟੀ ਬਣਾਈ ਤਾਂ ਫਿਰ ਵੀ ਅਕਾਲੀ ਦਲ ਦੇ ਸਿਧਾਂਤਾਂ ਦਾ ਪੱਲਾ ਫੜੀ ਰੱਖਿਆ | ਸਰਨਾ ਨੇ ਇਹ ਵੀ ਕਿਹਾ ਕਿ ਤਕਰੀਬਨ 25 ਸਾਲ ਪਹਿਲਾਂ ਉਨ੍ਹਾਂ ਨੂੰ ਅਕਾਲੀ ਦਲ ਨਾਲ ਹੀ ਸੰਬੰਧਿਤ ਰਾਜ ਸਭਾ ਮੈਂਬਰ ਦੇ ਇਸ਼ਾਰੇ ‘ਤੇ ਪਾਰਟੀ ‘ਚੋਂ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਗਠਨ ਕਰਕੇ ਪੰਥ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਾਂ |
ਕੀ ਹੁਣ 2 ਜਥੇਬੰਦੀਆਂ ਦੀ ਜ਼ਿੰਮੇਵਾਰੀ ਸੰਭਾਲਣਗੇ ਸਰਨਾ
ਪੰਥਕ ਇਕੱਤਰਤਾ ਸੁਖਬੀਰ ਵਲੋਂ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਤਾਂ ਕਰ ਦਿੱਤਾ ਗਿਆ, ਪ੍ਰੰਤੂ ਕੀ ਇਸ ਦੇ ਲਈ ਸਰਨਾ ਦੁਆਰਾ ਆਪਣੀ ਪਾਰਟੀ ਨੂੰ ਭੰਗ ਕੀਤਾ ਜਾਵੇਗਾ ਜਾਂ ਸਰਨਾ ਪਾਰਟੀ ਦਾ ਬਾਦਲ ਪਾਰਟੀ ‘ਚ ਰਲੇਵਾਂ ਹੋ ਗਿਆ ਹੈ? ਇਸ ਬਾਰੇ ਸੁਖਬੀਰ ਤੇ ਸਰਨਾ ਸਮੇਤ ਕਿਸੇ ਵੀ ਬੁਲਾਰੇ ਨੇ ਆਪਣੀ ਤਕਰੀਰ ‘ਚ ਕੋਈ ਜ਼ਿਕਰ ਤੱਕ ਨਹੀਂ ਕੀਤਾ | ਹਾਲਾਂਕਿ ਬਾਦਲ ਦਲ ਵਲੋਂ ਇਸ ਪ੍ਰੋਗਰਾਮ ਬਾਰੇ ਜਿਹੜਾ ਪ੍ਰੈੱਸ ਨੋਟ ਜਾਰੀ ਕੀਤਾ ਗਿਆ, ਉਸ ਵਿਚ ਸਰਨਾ ਧੜੇ ਦੇ ਰਲੇਵੇਂ ਦਾ ਜ਼ਿਕਰ ਕੀਤਾ ਗਿਆ ਸੀ | ਜਦੋਂ ਸਰਨਾ ਧੜੇ ਦੇ ਮੁਖੀ ਅਹੁਦੇਦਾਰਾਂ ਨਾਲ ਫੋਨ ਰਾਹੀਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਪਾਰਟੀ ਦੇ ਰਲੇਵੇਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੰਥ ਦੀ ਬਿਹਤਰੀ ਤੇ ਇਕਜੁੱਟਤਾ ਵਾਸਤੇ ਅੱਜ ਦਾ ਪ੍ਰੋਗਰਾਮ ਸਿਰਫ ਪੰਥਕ-ਮੇਲ ਸੀ | ਜੇਕਰ ਸਰਨਾ ਧੜਾ ਦਾ ਰਲੇਵਾਂ ਨਹੀਂ ਹੁੰਦਾ ਹੈ ਤਾਂ ਇਸ ਸਥਿਤੀ ਸਵਾਲ ਪੈਦਾ ਹੋਏਗਾ ਕਿ, ਕੀ ਸਰਨਾ ਹੁਣ 2 ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਬਾਦਲ ਦਲ ਦਿੱਲੀ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲਣਗੇ?
ਬੁਲਾਰਿਆਂ ਵਲੋਂ ਸ਼ਲਾਘਾ
ਪੰਥਕ ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਗੁਰਮੀਤ ਸਿੰਘ ਸ਼ੰਟੀ, ਬੀਬੀ ਰਣਜੀਤ ਕੌਰ, ਬਲਦੇਵ ਸਿੰਘ ਮਾਨ ਸਮੇਤ ਸਾਰੇ ਬੁਲਾਰਿਆਂ ਨੇ ਇਕੋ ਪਲੇਟਫਾਰਮ ਤੋਂ ਜੱਦੋ-ਜਹਿਦ ਕਰਨ ਦੇ ਪੰਥਕ ਏਕਤਾ ਦੇ ਫ਼ੈਸਲੇ ਨੂੰ ਸਲਾਹਿਆ |
ਦਿੱਲੀ ਦੀ ਸਿੱਖ ਸਿਆਸਤ ਨੇ ਲਈ ਨਵੀਂ ਕਰਵਟ
ਪੰਥਕ ਇਕੱਤਰਤਾ ‘ਚ ਹੋਏ ਪੰਥਕ ਮੇਲ ਨਾਲ ਦਿੱਲੀ ਦੀ ਸਿੱਖ ਸਿਆਸਤ ਨੇ ਇਕ ਨਵੀਂ ਕਰਵਟ ਲੈ ਲਈ ਹੈ | ਦਰਅਸਲ ਇਸ ਤੋਂ ਪਹਿਲਾਂ ਦੇ ਦਿੱਲੀ ਸਿੱਖ ਸਿਆਸਤ ਦੇ ਇਤਿਹਾਸ ‘ਚ ਇਹ ਦੋਵੇਂ ਧਿਰਾਂ ਹਮੇਸ਼ਾ ਇਕ-ਦੂਜੇ ਖ਼ਿਲਾਫ਼ ਹੀ ਖੜ੍ਹੀਆਂ ਨਜ਼ਰ ਆਈਆਂ ਹਨ ਤੇ ਪਹਿਲੀ ਵਾਰ ਦੋਵਾਂ ਨੇ ਇਕਜੱੁਟ ਹੋ ਕੇ ਪੰਥ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਐਲਾਨ ਕੀਤਾ ਹੈ | ਇਸ ਨਾਲ ਨਿਸਚਿਤ ਤੌਰ ‘ਤੇ ਦਿੱਲੀ ਸਿੱਖ ਸਿਆਸਤ ਦਾ ਭਵਿੱਖ ਪ੍ਰਭਾਵਿਤ ਹੋਵੇਗਾ |


