ਦਿੱਲੀ ਪਾਰੀ ਨਾਲ ਹਾਰ ਦੇ ਖਤਰੇ ਚ, ਪੰਜਾਬ ਜਿੱਤ ਦੇ ਨੇੜੇ

ਨਵੀਂ ਦਿੱਲੀ – ਸਿਮਰਨਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਦੀਆਂ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਦੂਸਰੇ ਦਿਨ ਹੀ ਪਾਰੀ ਦੀ ਹਾਰ ਦੇ ਖਤਰੇ ‘ਚ ਪਹੁੰਚ ਗਈ। ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿਚ 282 ਦੌੜਾਂ ਬਣਾ ਕੇ 175 ਦੀ ਮਜ਼ਬੂਤ ਬੜ੍ਹਤ ਹਾਸਲ ਕੀਤੀ ਸੀ। ਦਿੱਲੀ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਸਰੀ ਪਾਰੀ ਵਿਚ 6 ਵਿਕਟਾਂ ਸਿਰਫ 106 ਦੌੜਾਂ ‘ਤੇ ਗੁਆ ਦਿੱਤੀਆਂ। ਅਜੇ ਪਾਰੀ ਦੀ ਹਾਰ ਤੋਂ ਬਚਣ ਲਈ ਉਸ ਨੇ 69 ਦੌੜਾਂ ਬਣਾਉਣੀਆਂ ਹਨ। ਦਿੱਲੀ ਪਹਿਲੀ ਪਾਰੀ ਵਿਚ 107 ਦੌੜਾਂ ‘ਤੇ ਢੇਰ ਹੋ ਗਈ। ਦਿੱਲੀ ਨੇ ਦੂਸਰੀ ਪਾਰੀ ਵਿਚ 72 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਤੋਂ ਬਾਅਦ 33 ਦੌੜਾਂ ਦੇ ਫਰਕ ਨਾਲ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ। ਖੱਬੇ ਹੱਥ ਦੇ ਸਪਿਨਰ ਵਿਨੇ ਚੌਧਰੀ ਨੇ 23 ਦੌੜਾਂ ‘ਤੇ 3 ਵਿਕਟਾਂ ਅਤੇ ਪਹਿਲੀ ਪਾਰੀ ਵਿਚ 6 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ 35 ਦੌੜਾਂ ‘ਤੇ 2 ਵਿਕਟਾਂ ਲੈ ਕੇ ਦਿੱਲੀ ਨੂੰ ਨੱਪ ਲਿਆ। ਇਸ ਤੋਂ ਪਹਿਲਾਂ ਪੰਜਾਬ ਨੇ 3 ਵਿਕਟਾਂ ‘ਤੇ 136 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀ ਪਹਿਲੀ ਪਾਰੀ 282 ਦੌੜਾਂ ‘ਤੇ ਖਤਮ ਹੋਈ। ਕਪਤਾਨ ਮਨਦੀਪ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 180 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 90 ਦੌੜਾਂ ਬਣਾਈਆਂ। ਸਟਾਰ ਬੱਲੇਬਾਜ਼ ਯੁਵਰਾਜ ਸਿੰਘ 88 ਗੇਂਦਾਂ ਵਿਚ 24 ਦੌੜਾਂ ਬਣਾ ਕੇ ਆਊਟ ਹੋਇਆ।

VIA PUNJAB