ਦੇਸ਼ਧ੍ਰੋਹ ਮਾਮਲੇ ’ਚ ਸ਼ਰੀਫ਼ ਨੂੰ ਸੰਮਨ

ਲਾਹੌਰ – ਲਾਹੌਰ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦੇਸ਼ ਧ੍ਰੋਹ ਨਾਲ ਸਬੰਧਤ ਇਕ ਕੇਸ ’ਚ ਸੰਮਨ ਕਰਦਿਆਂ 8 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਸ ਦੀ ਪਟੀਸ਼ਨਰ ਅਮੀਨਾ ਮਲਿਕ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਰੋਜ਼ਨਾਮਚਾ ‘ਡਾਅਨ’ ਨੂੰ ਦਿੱਤੀ ਇੰਟਰਵਿਊ ਦੌਰਾਨ 2008 ਮੁੰਬਈ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਨੂੰ ਪਾਕਿਸਤਾਨੀ ਦੱਸ ਕੇ ਮੁਲਕ ਨਾਲ ਵਿਸਾਹਘਾਤ ਕੀਤਾ ਹੈ। ਇਸ ਦੌਰਾਨ ਹਾਈ ਕੋਰਟ ਨੇ ਡਾਅਨ ਦੇ ਇਕ ਪੱਤਰਕਾਰ ਨੂੰ ਸੰਮਨ ਕਰਦਿਆਂ ਉਹਦਾ ਨਾਮ ਐਗਜ਼ਿਟ ਕੰਟਰੋਲ ਸੂਚੀ ਵਿੱਚ ਸ਼ਾਮਲ ਕਰਨ ਦੀ ਤਾਕੀਦ ਕੀਤੀ ਹੈ। ਚੇਤੇ ਰਹੇ ਕਿ ਸ਼ਰੀਫ਼ ਨੇ ਇਸ ਸਾਲ ਮਈ ਵਿੱਚ ਰੋਜ਼ਨਾਮਚਾ ਡਾਅਨ ਨੂੰ ਦਿੱਤੀ ਇੰਟਰਵਿਊ ਵਿੱਚ ਪਹਿਲੀ ਵਾਰ ਜਨਤਕ ਤੌਰ ’ਤੇ ਮੰਨਿਆ ਸੀ ਕਿ ਪਾਕਿਸਤਾਨ ਵਿੱਚ ਦਹਿਸ਼ਤੀ ਜਥੇਬੰਦੀਆਂ ਸਰਗਰਮ ਹਨ। ਇਹੀ ਨਹੀਂ ਸਾਬਕਾ ਪ੍ਰਧਾਨ ਮੰਤਰੀ ਨੇ ਉਸ ਨੀਤੀ ’ਤੇ ਵੀ ਸਵਾਲ ਉਠਾਏ ਸਨ, ਜਿਸ ਤਹਿਤ ‘ਗੈਰ ਸਰਕਾਰੀ ਅਨਸਰਾਂ’ ਨੂੰ ਸਰਹੱਦ ਉਲੰਘ ਕੇ ਮੁੰਬਈ ਵਿੱਚ ਲੋਕਾਂ ਨੂੰ ‘ਮਾਰਨ’ ਦੀ ਇਜਾਜ਼ਤ ਦਿੱਤੀ ਗਈ। ਇਸ ਵੱਖਰੀ ਇੰਟਰਵਿਊ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨੇ ਮੁੰਬਈ ਹਮਲੇ ਦੇ ਟਰਾਇਲ ਬਿਨਾਂ ਵਜ੍ਹਾ ਲਟਕਾਉਣ ਦੀ ਵੀ ਨਿਖੇਧੀ ਕੀਤੀ ਸੀ। ਇਸ ਦੇ ਨਾਲ ਹੀ ਜਸਟਿਸ ਸਈਅਦ ਮਜ਼ਹਰ ਅਲੀ ਅਕਬਰ ਨਕਵੀ ਦੀ ਅਗਵਾਈ ਵਾਲੇ ਲਾਹੌਰ ਹਾਈ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਡਾਅਨ ਦੇ ਪੱਤਰਕਾਰ ਸਾਇਰਿਲ ਅਲਮੀਡਾ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿੱਚ ਸ਼ਾਮਲ ਕੀਤੇ ਜਾਣ ਦੀ ਵੀ ਹਦਾਇਤ ਕੀਤੀ ਹੈ। ਜਸਟਿਸ ਨਕਵੀ ਨੇ ਅੱਜ ਸੁਣਵਾਈ ਦੌਰਾਨ ਅਲਮੀਡਾ ਦੀ ਗੈਰਮੌਜੂਦਗੀ ’ਤੇ ਗੁੱਸਾ ਜ਼ਾਹਿਰ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ ਨੂੰ ਹਦਾਇਤ ਕੀਤੀ ਕਿ ਉਸ ਨੂੰ 8 ਅਕਤੂੁਬਰ ਦੀ ਅਗਲੀ ਪੇਸ਼ੀ ਮੌਕੇ ਪੇਸ਼ ਕੀਤਾ ਜਾਵੇ। ਉਧਰ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ ਵੀ ਅੱਜ ਸੁਣਵਾਈ ਦੌਰਾਨ ਗ਼ੈਰਹਾਜ਼ਰ ਰਹੇ। ਸ਼ਰੀਫ਼ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੀ ਬੇਗ਼ਮ ਦੀ ਮੌਤ ਕਰਕੇ ਗ਼ਮਜ਼ਦਾ ਹੋਣ ਕਰਕੇ ਪੇਸ਼ ਨਹੀਂ ਹੋ ਸਕੇ।

VIA PUNJAB