ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਚੋਣਕਾਰਾਂ ਨੇ ਉਸ ਸਮੇਂ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਦੂਜੇ ਵਿਕਟਕੀਪਰ ਦੀ ਭਾਲ ਹੈ, ਉੱਥੇ ਹੀ ਪੰਤ ਨੂੰ ਬਾਹਰ ਕੀਤੇ ਜਾਣ ਨਾਲ ਸੰਕੇਤ ਮਿਲ ਗਿਆ ਹੈ ਕਿ ਟੀਮ ਪ੍ਰਬੰਧਨ 2019 ਵਿਸ਼ਵ ਕੱਪ ਲਈ ਪਹਿਲੇ ਵਿਕਟਕੀਪਰ ਦੇ ਰੂਪ ’ਚ ਉਸ ਦੇ ਨਾਂ ’ਤੇ ਗੌਰ ਨਹੀਂ ਕਰ ਰਿਹਾ ਹੈ। ਚੋਣ ਕਮੇਟੀ ਦੇ ਕਨਵੀਨਰ ਅਮਿਤਾਭ ਚੌਧਰੀ ਨੇ ਇਸ ਮਾਮਲੇ ’ਤੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਪਰ ਭਾਰਤੀ ਕ੍ਰਿਕਟ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਸਿਰਫ ਅੱਠ ਇਕ ਰੋਜ਼ਾ ਮੈਚ ਖੇਡੇ ਜਾਣੇ ਹਨ। ਚੋਣਕਾਰ ਧੋਨੀ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਪੂਰਾ ਸਮਾਂ ਦੇਣਾ ਚਾਹੁੰਦੇ ਹਨ। ਤਿੰਨ ਟੀ-20 ਮੈਚਾਂ ਦਾ ਮਤਲਬ ਹੈ ਕਿ ਅਗਲੇ ਇਕ ਮਹੀਨੇ ’ਚ ਉਹ 11 ਮੈਚ ਖੇਡ ਸਕੇਗਾ। ਭਾਰਤੀ ਟੀਮ ਫਿਲਹਾਲ ਆਸਟਰੇਲੀਆ ’ਚ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ। ਉਸ ਨੂੰ ਉੱਥੇ 12 ਜਨਵਰੀ ਤੋਂ ਤਿੰਨ ਇਕ ਰੋਜ਼ਾ ਮੈਚ ਖੇਡਣੇ ਹਨ।

VIA PUNJAB