ਨਵੀਂ ਸਰਕਾਰ ਬਣੇਗੀ ਪਰ ਪੀਐਮ ਦੇ ਤੌਰ ’ਤੇ ਰਾਹੁਲ ਨੂੰ ਹਮਾਇਤ ਦੇਣ ’ਤੇ ਟਾਲਾ ਵੱਟ ਗਏ ਅਖਿਲੇਸ਼

ਭੋਪਾਲ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟ ਗਏ ਕਿ ਕੀ ਉਨ੍ਹਾਂ ਦੀ ਪਾਰਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹਮਾਇਤ ਦੇਵੇਗੀ। ਜਦੋਂ ਅਖਿਲੇਸ਼ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਤੌਰ ’ਤੇ ਕਾਂਗਰਸ ਪ੍ਰਧਾਨ ਨੂੰ ਅਗਲਾ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ, ‘‘ ਦੇਸ਼ ਕੇਂਦਰ ਵਿੱਚ ਇਕ ਨਵੀਂ ਸਰਕਾਰ ਦੇਖਣਾ ਚਾਹੁੰਦਾ ਹੈ। ਲੋਕ ਨਵਾਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਚੋਣਾਂ ਤੋਂ ਬਾਅਦ ਤੁਸੀਂ ਇਕ ਨਵਾਂ ਪ੍ਰਧਾਨ ਮੰਤਰੀ ਦੇਖੋਗੇ।’’ ਜਦੋਂ ਉਨ੍ਹਾਂ ਤੋਂ ਉਚੇਚੇ ਤੌਰ ’ਤੇ ਪੁੱਛਿਆ ਗਿਆ ਕਿ ਜੇ 2019 ਦੀਆਂ ਚੋਣਾਂ ਤੋਂ ਬਾਅਦ ਕਿਸੇ ਗ਼ੈਰ-ਭਾਜਪਾ ਕੁਲੀਸ਼ਨ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਕੀ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਦੀ ਹਮਾਇਤ ਕਰੇਗੀ ਤਾਂ ਉਨ੍ਹਾਂ ਪ੍ਰੈੱਸ ਕਾਨਫਰੰਸ ਵਿੱਚ ਆਪਣੀ ਉਹੀ ਜਵਾਬ ਦੁਹਰਾ ਦਿੱਤਾ। ਉਂਜ, ਉਨ੍ਹਾਂ ਧਿਆਨ ਦਿਵਾਇਆ ਕਿ ਕੈਰਾਨਾ ਅਤੇ ਉੱਤਰ ਪ੍ਰਦੇਸ਼ ਵਿੱਚ ਹੋਰਨੀਂ ਥਾਈਂ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਸਮਾਜਵਾਦੀ ਪਾਰਟੀ ਤੇ ਬਸਪਾ ਦੀ ਹਮਾਇਤ ਕੀਤੀ ਸੀ। ਉਨ੍ਹਾਂ ਕਿਹਾ ‘‘ ਜਦੋਂ ਵੀ ਕਦੇ ਕਾਂਗਰਸੀ ਗੱਲ ਕਰਦੇ ਹਨ ਤਾਂ ਉਹ ਬਹੁਤ ਹੀ ਨਿੱਘ ਨਾਲ ਬੋਲਦੇ ਹਨ।’’ ਅਗਲੀਆਂ ਆਮ ਚੋਣਾਂ ਵਿੱਚ ਸਪਾ-ਬਸਪਾ ਗੱਠਜੋੜ ਦੀ ਸੰਭਾਵਨਾ ਬਾਰੇ ਸ੍ਰੀ ਯਾਦਵ ਨੇ ਕਿਹਾ ‘‘ ਤੁਸੀਂ ਕੁਲੀਸ਼ਨ ਬਾਰੇ ਜਲਦੀ ਹੀ ਸੁਣੋਗੇ।’’

VIA PUNJAB