Skip to content
ਸ਼ਾਮ ਤੱਕ ਭਾਈ ਰਾਜੋਆਣਾ ਛੱਡ ਸਕਦੇ ਨੇ ਭੁੱਖ ਹੜਤਾਲ
ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ
ਪਟਿਆਲਾ, 20 ਜੁਲਾਈ
ਕੇਂਦਰੀ ਜੇਲ੍ਹ ਪਟਿਆਲਾ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ। ਉਨ੍ਹਾਂ ਰਾਜੋਆਣਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਮੁਲਾਕਾਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਂਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ ਭਾਈ ਰਾਜੋਆਣਾ ਸ਼ਾਮ ਤੱਕ ਭੁੱਖ ਹੜਤਾਲ ਖ਼ਤਮ ਕਰ ਸਕਦੇ ਹਨ। ਦੱਸਣਾ ਬਣਦਾ ਹੈ ਕਿ ਭਾਈ ਰਾਜੋਆਣਾ 16 ਜੁਲਾਈ ਤੋਂ ਆਪਣੀ ਫਾਂਸੀ ਦੀ ਸਜ਼ਾ ਬਾਰੇ ਅਨਿਸ਼ਚਤਾ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਹਨ।
ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਸੰਸਦ ਮੈਂਬਰਾਂ ਦੇ ਇਕ ਉੱਚ ਪੱਧਰੀ ਵਫਦ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ੀ ਲਈ ਮੁਲਾਕਾਤ ਕੀਤੀ ਸੀ।
ਅੱਜ ਕੇਂਦਰੀ ਜੇਲ੍ਹ ਪਟਿਆਲਾ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਤੋੜ ਦੇਣ ਦੀ ਅਪੀਲ ਕੀਤੀ।ਉਨ੍ਹਾਂ ਭਾਈ ਰਾਜੋਆਣਾ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਕੇਂਦਰ ਸਰਕਾਰ ਉਨ੍ਹਾਂ ਦੀ ਸਜ਼ਾ ਮਾਫ਼ੀ ਬਾਰੇ ਸ਼੍ਰੋਮਣੀ ਕਮੇਟੀ ਦੀ ਅਪੀਲ ‘ਤੇ ਕੋਈ ਹਾਂ-ਪੱਖੀ ਫੈਸਲਾ ਲੈ ਸਕਦੀ ਹੈ। ‘ਵਾਇਆ ਪੰਜਾਬ’ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਜ਼ਿੰਦਗੀ ਸਿੱਖ ਕੌਮ ਦੀ ਅਮਾਨਤ ਹੈ ਕਿਉਂਕਿ 23 ਮਾਰਚ 2012 ਨੂੰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਸਜ਼ਾ ਮਾਫ਼ੀ ਲਈ ਸੰਜੀਦਗੀ ਨਾਲ ਪੈਰਵੀ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨਾਲ ਲਗਾਤਾਰ ਇਸ ਮਸਲੇ ‘ਤੇ ਸੰਪਰਕ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਨਾਲ ਵਿਧਾਇਕ ਹਰਿੰਦਰ ਚੰਦੂਮਾਜਰਾ, ਕਰਨੈਲ ਸਿੰਘ ਨਾਭਾ ਅਤੇ ਨਿੱਜੀ ਸਹਾਇਕ ਦਰਸ਼ਨ ਸਿੰਘ ਲੌਂਗੋਵਾਲ ਹੀ ਹਾਜ਼ਰ ਸਨ।
ਕੀ ਹੈ ਮਾਮਲਾ ਰਾਜੋਆਣਾ ਦੀ ਭੁੱਖ ਹੜਤਾਲ ਦਾ
ਮਾਰਚ 2012 ‘ਚ ਜਦੋਂ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਭਾਈ ਰਾਜੋਆਣਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਵਿਚ ਫਾਂਸੀ ਲਗਾਉਣ ਲਈ 31 ਮਾਰਚ ਦੀ ਤਰੀਕ ਮੁਕਰਰ ਕੀਤੀ ਸੀ ਤਾਂ ਸੰਸਾਰ ਭਰ ‘ਚ ਵੱਸਦੇ ਸਿੱਖਾਂ ਦਾ ਰੋਹ ਭੜਕ ਪਿਆ ਸੀ। ਸ਼੍ਰੋਮਣੀ ਕਮੇਟੀ ਵਲੋਂ 25 ਮਾਰਚ 2012 ਨੂੰ ਭਾਈ ਰਾਜੋਆਣਾ ਦੀ ਫਾਂਸੀ ਮਾਫ਼ੀ ਲਈ ਰਾਸ਼ਟਰਪਤੀ ਕੋਲ ਸੰਵਿਧਾਨ ਦੀ ਧਾਰਾ 72 ਤਹਿਤ ਫਾਂਸੀ ਦੀ ਸਜ਼ਾ ਨੂੂੰ ਉਮਰ ਕੈਦ ਵਿਚ ਬਦਲਣ ਲਈ ਅਪੀਲ ਪਾਈ ਸੀ। ਇਸ ਧਾਰਾ ਤਹਿਤ ਰਾਸ਼ਟਰਪਤੀ ਵਿਸ਼ੇਸ਼ ਅਧਿਕਾਰਾਂ ਤਹਿਤ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਵੀ ਤਬਦੀਲ ਕਰ ਸਕਦਾ ਹੈ ਅਤੇ ਸਜ਼ਾ ਮਾਫ਼ੀ ਵੀ ਕੀਤੀ ਜਾ ਸਕਦੀ ਹੈ ਪਰ ਛੇ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਰਾਸ਼ਟਰਪਤੀ ਵਲੋਂ ਇਸ ਅਪੀਲ ‘ਤੇ ਕੋਈ ਫੈਸਲਾ ਨਹੀਂ ਕੀਤਾ ਗਿਆ।ਭਾਵੇੰ ਕਿ ਵਕਤੀ ਤੌਰ ‘ਤੇ ਰਾਜੋਆਣਾ ਨੂੰ ਫਾਂਸੀ ਲਗਾਉਣ ਦਾ ਅਮਲ ਰੁਕ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਦੀ ਸਜ਼ਾ ਨੂੰ ਲੈ ਕੇ ਕੋਈ ਪੱਕਾ ਫੈਸਲਾ ਨਹੀਂ ਹੋ ਸਕਿਆ।
ਇਸ ਤੋਂ ਪਹਿਲਾਂ ਵੀ ਭਾਈ ਰਾਜੋਆਣਾ ਆਪਣੀ ਫਾਂਸੀ ਦੀ ਸਜ਼ਾ ਬਾਰੇ ਅਨਿਸ਼ਚਤਾ ਨੂੰ ਲੈ ਕੇ ਭੁੱਖ ਹੜਤਾਲ ਰੱਖ ਚੁੱਕੇ ਹਨ।ਪਿਛਲੇ ਸਾਲ ਵੀ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਰਾਜੋਆਣਾ ਦੀ ਫਾਂਸੀ ਮਾਫ਼ੀ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਸਨ।