ਨਵੇਂ ਪਰਵਾਸੀਆਂ ’ਤੇ ਖੇਤਰੀ ਇਲਾਕਿਆਂ ’ਚ ਰਹਿਣ ਦੀ ਸ਼ਰਤ ਲਾਏਗਾ ਆਸਟਰੇਲੀਆ

ਮੈਲਬਰਨ – ਆਸਟਰੇਲੀਆ ਸਰਕਾਰ ਨੇ ਆਪਣੀ ਉਸ ਨੀਤੀ ਨੂੰ ਜਲਦ ਅਮਲ ਵਿਚ ਲਿਆਉਣ ਦੇ ਸੰਕੇਤ ਦਿੱਤੇ ਹਨ, ਜਿਸ ਤਹਿਤ ਪਰਵਾਸੀਆਂ ਨੂੰ ਪੱਕੇ ਹੋਣ ਲਈ ਖੇਤਰੀ ਇਲਾਕਿਆਂ ’ਚ ਲੰਮਾਂ ਸਮਾਂ ਰਹਿਣ ਦੀ ਸ਼ਰਤ ਹੋਵੇਗੀ। ਆਬਾਦੀ ਮੰਤਰੀ ਐਲਨ ਟੱਜ ਨੇ ਕਿਹਾ ਕਿ ਇਹ ਨੀਤੀ ਮੁਲਕ ਦੇ ਪ੍ਰਮੁੱਖ ਸ਼ਹਿਰਾਂ ’ਚ ਢਾਂਚੇ ’ਤੇ ਭਾਰੂ ਪਈ ਆਬਾਦੀ ਦੀ ਸਮੱਸਿਆ ਹੱਲ ਕਰਨ ਅਤੇ ਖੇਤਰੀ ਇਲਾਕਿਆਂ ਦੇ ਵਿਕਾਸ ਨੂੰ ਧਿਆਨ ’ਚ ਰੱਖਦਿਆਂ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਵਾਸੀਆਂ ਦੇ ਕੁਝ ਵੀਜ਼ਿਆਂ ’ਤੇ ਮੁਲਕ ‘ਚ ਪੱਕੇ ਹੋਣ ਲਈ ਘੱਟੋ-ਘੱਟ ਪੰਜ ਸਾਲ ਖੇਤਰੀ ਇਲਾਕਿਆਂ ‘ਚ ਰਹਿਣ ਦੀ ਸ਼ਰਤ ਲਾਗੂ ਹੋਵੇਗੀ ਜਦਕਿ ਨੌਕਰੀ ਲਈ ਸਪਾਂਸਰ ਵੀਜ਼ੇ ਸਮੇਤ ਕੁਝ ਹੋਰ ਉੱਪ ਸ਼੍ਰੇਣੀਆਂ ’ਤੇ ਇਹ ਸ਼ਰਤ ਨਹੀਂ ਲਾਈ ਜਾ ਰਹੀ। ਆਸਟਰੇਲੀਆ ਦੀ ਕੁੱਲ ਆਬਾਦੀ ਦਾ ਮੁੱਖ ਹਿੱਸਾ ਪੂਰਬੀ ਤਟ ਦੇ ਸ਼ਹਿਰਾਂ ਮੈਲਬਰਨ, ਬ੍ਰਿਸਬਨ ਅਤੇ ਸਿਡਨੀ ’ਚ ਰਹਿ ਰਿਹਾ ਹੈ ਜਦਕਿ ਤਸਮਾਨੀਆ ਸਮੇਤ ਸਾਊਥ ਆਸਟਰੇਲੀਆ ਅਤੇ ਨਾਰਦਰਨ ਟੈਰੇਟਰੀ ਦੇ ਖੇਤਰੀ ਸ਼ਹਿਰ ਘਟ ਰਹੀ ਵਸੋਂ ਅਤੇ ਕਿੱਤਾਕਾਰ ਆਬਾਦੀ ਦੀ ਘਾਟ ਨਾਲ ਜੂਝ ਰਹੇ ਹਨ ਹਾਲਾਂਕਿ ਆਬਾਦੀ ਪੱਖੋਂ ਸੰਸਾਰ ‘ਚ ਆਸਟਰੇਲੀਆ 77 ਵੇਂ ਸਥਾਨ ਉੱਤੇ ਹੈ, ਜਿਸ ਦਾ ਵੱਡਾ ਹਿੱਸਾ ਪਰਵਾਸ ਨੂੰ ਮੰਨਿਆ ਗਿਆ ਹੈ। ਆਬਾਦੀ ਮੰਤਰੀ ਨੇ ਆਖਿਆ ਕਿ ਪਿੰਡਾਂ ਤੇ ਕਸਬਿਆਂ ਸਮੇਤ ਕਈ ਸ਼ਹਿਰ ‘ਚ ਪਰਵਾਸੀਆਂ ਦੀ ਵਸੋਂ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਪਰਵਾਸੀ ਪੱਕੇ ਤੌਰ ’ਤੇ ਇਨ੍ਹਾਂ ਇਲਾਕਿਆਂ ‘ਚ ਹੀ ਰਹਿਣ ਲੱਗਣਗੇ।

VIA PUNJAB