ਨਾਭਾ ਵਿਖੇ ਗਾਰਡ ਨੂੰ ਮਾਰ ਕੇ ਬੈਂਕ ’ਚੋਂ 50 ਲੱਖ ਲੁੱਟੇ-ਪਟਿਆਲਾ ਪੁਲਿਸ ਨੇ ਪੈਸੇ ਸਮੇਤ 3 ਲੁਟੇਰੇ ਫੜ੍ਹੇ

ਪਟਿਆਲਾ – ਲੁਟੇਰਿਆਂ ਨੇ ਅਜ ਸਵੇਰੇ ਪਹਿਲਾਂ ਬੰਦੂਕ ਦੀ ਨੋਕ ‘ਤੇ ਨਾਭਾ ਦੀ ਅਨਾਜ ਮੰਡੀ ਸਥਿਤ ਭਾਰਤੀ ਸਟੇਟ ਬੈਂਕ ਦੀ ਕੈਸ਼ ਵੈਨ ’ਚੋਂ 50 ਲੱਖ ਰੁਪਏ ਲੁੱਟ ਲਏ। ਜਾਂਦੇ ਹੋਏ ਬੈਂਕ ਗਾਰਡ ਨੂੰ ਗੋਲ਼ੀ ਮਾਰ ਗਏ ਸਨ। ਪਟਿਆਲਾ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਇਹ ਮਾਮਲਾ ਕੁਝ ਹੀ ਘੰਟਿਆਂ ਵਿਚ ਸੁਲਝਾਉਣ ਦਾ ਦਾਅਵਾ ਕੀਤਾ ਹੈ।ਇਸ ਮਾਮਲੇ ਵਿਚ ਤਿੰਨ ਲੁਟੇਰਿਆਂ ਨੂੰ ਲੁਟ ਦੇ ਸਾਰੇ ਪੈਸਿਆਂ ਨਾਲ ਕਾਬੂ ਕਰ ਲਿਆ ਹੈ। ਖ਼ਬਰ ਮੁਤਾਬਿਕ ਨਾਭਾ ਦੀ ਅਨਾਜ ਮੰਡੀ ਵਾਲੀ ਐਸਬੀਆਈ ਬੈਂਕ ਬ੍ਰਾਂਚ ਦੇ ਬਾਹਰ ਬੁਧਵਾਰ ਸਵੇਰੇ ਮੁਲਾਜ਼ਮ ਕੈਸ਼ ਵੈਨ ਵਿਚੋਂ ਪੈਸੇ ਲੈ ਕੇ ਅੰਦਰ ਜਾ ਰਹੇ ਸਨ ਤਾਂ ਦੋ ਹਥਿਆਰਬੰਦ ਲੁਟੇਰੇ ਆ ਗਏ। ਉਨ੍ਹਾਂ ਬੰਦੂਕ ਦੀ ਨੋਕ ‘ਤੇ 50 ਲਖ ਰੁਪਏ ਲੁਟੇ ਅਤੇ ਫਰਾਰ ਹੋ ਗਏ। ਲੁਟੇਰਿਆਂ ਨੇ ਇਸ ਦੌਰਾਨ ਗਾਰਡ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿਤਾ ਅਤੇ ਜਾਂਦੇ-ਜਾਂਦੇ ਉਸ ਦੀ ਰਾਈਫ਼ਲ ਵੀ ਨਾਲ ਹੀ ਲੈ ਗਏ। ਗਾਰਡ ਪ੍ਰੇਮ ਚੰਦ ਦੀ ਹਸਪਤਾਲ ਵਿਚ ਮੌਤ ਹੋ ਗਈ।ਬੈਂਕ ਦੀ ਕੈਸ਼ ਵੈਨ ਦੇ ਡਰਾਇਵਰ ਇਕਬਾਲ ਸਿੰਘ ਨੇ ਦਸਿਆ ਕਿ ਜਦ ਉਹ ਸਵੇਰੇ ਬੈਂਕ ਸਾਹਮਣੇ ਕਾਰ ਰੋਕ ਕੇ ਕੈਸ਼ ਬੈਂਕ ਵਿਚ ਲਿਜਾਣ ਲਗੇ ਤਾਂ ਇਕ ਲੁਟੇਰੇ ਨੇ ਉਸ ਦੇ ਸਿਰ ‘ਤੇ ਪਿਸਤੌਲ ਤਾਣ ਲਿਆ। ਉਸ ਨੇ ਦਸਿਆ ਕਿ ਦੂਜੇ ਨੇ ਬੈਂਕ ਦੇ ਗਾਰਡ ਨੂੰ ਗੋਲ਼ੀ ਮਾਰ ਦਿਤੀ ਅਤੇ ਪੈਸੇ ਖੋਹ ਕੇ ਭਜ ਗਏ। ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮਨਦੀਪ ਸਿੰਘ ਸਿਧੂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਖ਼ੁਦ ਲੁਟੇਰਿਆਂ ਨੂੰ ਫੜਨ ਵਿਚ ਰੁਝ ਗਏ ਸਨ। ਉਨ੍ਹਾਂ ਕੁਝ ਹੀ ਘੰਟਿਆਂ ਵਿਚ ਇਸ ਆਪ੍ਰੇਸ਼ਨ ਨੂੰ ਸਫ਼ਲਤਾ ਪੂਰਬਕ ਅੰਜਾਮ ਦਿਤਾ ਹੈ।

VIA PUNJAB