ਨੀਰਜ ਚੋਪੜਾ ਦੇ ਭਾਲੇ ਨੇ ਵਿੰਨਿ੍ਹਆ ਸੋਨ ਤਗ਼ਮਾ

ਜਕਾਰਤਾ – ਭਾਰਤ ਦੇ ਝੰਡਾਬਰਦਾਰ ਨੀਰਜ ਚੋਪੜਾ ਨੇ ਲਾਜਵਾਬ ਪ੍ਰਦਰਸ਼ਨ ਕਰਦਿਆਂ 88.06 ਮੀਟਰ ਦੇ ਜ਼ਬਰਦਸਤ ਥਰੋਅ ਨਾਲ 18ਵੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਜੈਵਲਿਨ ਥਰੋਅ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਭਾਰਤ ਨੂੰ ਨੀਰਜ ਦੇ ਸੋਨੇ ਤੋਂ ਇਲਾਵਾ ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ, ਸੁਧਾ ਸਿੰਘ ਨੇ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਅਤੇ ਨੀਨਾ ਵਰਾਕਿਲ ਨੇ ਮਹਿਲਾਵਾਂ ਦੇ ਲੰਮੀ ਛਾਲ ਮੁਕਾਬਲੇ ਵਿੱਚ ਚਾਂਦੀ ਦੇ ਤਗ਼ਮੇ ਵੀ ਦਿਵਾਏ। ਭਾਰਤ ਨੇ ਇਸ ਤਰ੍ਹਾਂ ਅਥਲੈਟਿਕਸ ਵਿੱਚ ਹੁਣ ਤੱਕ ਦੋ ਸੋਨੇ ਅਤੇ ਛੇ ਚਾਂਦੀ ਸਣੇ ਕੁੱਲ ਅੱਠ ਤਗ਼ਮੇ ਜਿੱਤ ਲਏ ਹਨ। ਭਾਰਤ ਅੱਠ ਸੋਨੇ, 13 ਚਾਂਦੀ ਅਤੇ 20 ਕਾਂਸੀ ਸਣੇ ਕੁੱਲ 41 ਤਗ਼ਮਿਆਂ ਨਾਲ ਨੌਵੇਂ ਸਥਾਨ ’ਤੇ ਹੈ, ਜਦੋਂਕਿ ਚੀਨ 86 ਗੋਲਡ ਸਣੇ ਕੁੱਲ 191 ਤਗ਼ਮਿਆਂ ਨਾਲ ਚੋਟੀ ’ਤੇ ਕਾਇਮ ਹੈ। 18ਵੀਆਂ ਏਸ਼ਿਆਈ ਖੇਡਾਂ ਦੇ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਬਣੇ ਹਰਿਆਣਾ ਦੇ 20 ਸਾਲਾ ਨੀਰਜ ਤੋਂ ਸੋਨ ਤਗ਼ਮੇ ਦੀਆਂ ਉਮੀਦਾਂ ਸਨ। ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਇਨ੍ਹਾਂ ਉਮੀਦਾਂ ’ਤੇ ਖਰ੍ਹਾ ਉਤਰਿਆ। ਨੀਰਜ ਇਸ ਤਰ੍ਹਾਂ ਏਸ਼ਿਆਈ ਖੇਡਾਂ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਜੈਵਲਿਨ ਵਿੱਚ ਇਹ ਸਿਰਫ਼ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ 1982 ਦੌਰਾਨ ਨਵੀਂ ਦਿੱਲੀ ਵਿੱਚ ਗੁਰਤੇਜ਼ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਨੀਰਜ ਨੇ ਇਸ ਦੇ ਨਾਲ ਹੀ ਦੇਸ਼ ਦੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਇੱਕ ਹੀ ਸਾਲ ਵਿੱਚ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦੇ 60 ਸਾਲ ਪੁਰਾਣੇ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ। ਨੀਰਜ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ 86.47 ਮੀਟਰ ਦੇ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਨੇ 2016 ਦੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ 86.48 ਮੀਟਰ ਦੇ ਥਰੋਅ ਨਾਲ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਬਣਾਇਆ ਸੀ। 2018 ਵਿੱਚ ਨੀਰਜ ਨੇ ਦੋਹਾ ਡਾਇਮੰਡ ਲੀਗ ਵਿੱਚ 87.43 ਮੀਟਰ ਦਾ ਆਪਣਾ ਸਰਵੋਤਮ ਥਰੋਅ ਕੀਤਾ ਸੀ ਅਤੇ ਉਸ ਨੇ ਏਸ਼ਿਆਈ ਖੇਡਾਂ ਵਿੱਚ 88.06 ਮੀਟਰ ਨਾਲ ਇਸ ਵਿੱਚ ਸੁਧਾਰ ਕਰ ਲਿਆ। ਲੰਮੇ ਵਾਲ ਰੱਖਣ ਵਾਲੇ ਨੀਰਜ ਦਾ ਪਹਿਲਾ ਥਰੋਅ 83.46 ਮੀਟਰ ਸੀ। ਉਸ ਦਾ ਦੂਜਾ ਥਰੋਅ ਫਾਊਲ ਰਿਹਾ, ਪਰ ਤੀਜੇ ਥਰੋਅ ਵਿੱਚ ਉਸ ਨੇ 88.06 ਮੀਟਰ ਦੀ ਦੂਰੀ ਮਾਪ ਲਈ। ਨੀਰਜ ਨੇ ਚੌਥੇ ਯਤਨ ਵਿੱਚ 83.25 ਮੀਟਰ ਅਤੇ ਪੰਜਵੇਂ ਯਤਨ ਵਿੱਚ 86.36 ਮੀਟਰ ਤੱਕ ਭਾਲਾ ਸੁੱਟਿਆ। ਉਸ ਦਾ ਛੇਵਾਂ ਯਤਨ ਫਾਊਲ ਰਿਹਾ, ਪਰ ਤੀਜੇ ਯਤਨ ਨਾਲ ਉਹ ਆਪਣਾ ਸੋਨ ਤਗ਼ਮਾ ਪੱਕਾ ਕਰ ਚੁੱਕਿਆ ਸੀ।
ਚੀਨ ਦੇ ਕੀਝੇਨ ਲਿਊ ਨੇ 82.22 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਚਾਂਦੀ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 80.75 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਵਿੱਚ ਭਾਰਤ ਦੇ ਇੱਕ ਹੋਰ ਅਥਲੀਟ ਸ਼ਿਵਪਾਲ ਸਿੰਘ 74.11 ਮੀਟਰ ਨਾਲ ਅੱਠਵੇਂ ਸਥਾਨ ’ਤੇ ਰਿਹਾ।

VIA PUNJAB