ਨੋਟਬੰਦੀ ’ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨੋਟਬੰਦੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਦੱਸਣ ਕਿ ਆਖਰ ਕਾਹਦੀ ਖਾਤਰ ਉਨ੍ਹਾਂ ਲੋਕਾਂ ਨੂੰ ਇੰਨੀ ਵੱਡੀ ਬਿਪਤਾ ਵਿੱਚ ਪਾਇਆ ਸੀ ਜਦਕਿ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਮੂੰਹ ਅੱਡੀ ਖੜੀਆਂ ਹਨ। ਸ੍ਰੀ ਗਾਂਧੀ ਨੇ ਨੋਟਬੰਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਲੋਕਾਂ ਤੋਂ ਧਨ ਲੈ ਕੇ ਆਪਣੇ ਲਾਡਲੇ ਪੂੰਜੀਪਤੀਆਂ ਨੂੰ ਸੌਂਪ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਆਖਰ ਉਨ੍ਹਾਂ ਨੋਟਬੰਦੀ ਜਿਹਾ ਗਹਿਰਾ ਫੱਟ ਕਿਉਂ ਦਿੱਤਾ ਸੀ ਜਦਕਿ ਵਧਦੀ ਬੇਰੁਜ਼ਗਾਰੀ ਤੇ ਆਰਥਿਕ ਵਿਕਾਸ ਵਿੱਚ ਖੜੋਤ ਦੇ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਉਨ੍ਹਾਂ ਕਿਹਾ, ‘‘ ਨੋਟਬੰਦੀ ਕੋਈ ਆਮ ਭੁੱਲ ਨਹੀਂ ਸੀ ਸਗੋਂ ਤੁਹਾਡੇ (ਭਾਰਤ ਦੇ ਅਵਾਮ) ’ਤੇ ਹਮਲਾ ਸੀ। ਮਨਸ਼ਾ ਇਹ ਸੀ ਕਿ ਆਮ ਲੋਕਾਂ ਤੋਂ ਉਨ੍ਹਾਂ ਦਾ ਪੈਸਾ ਖੋਹ ਕੇ ਆਪਣੇ 15-20 ਲਾਡਲੇ ਪੂੰਜੀਪਤੀਆਂ ਨੂੰ ਸੌਂਪ ਦਿੱਤਾ ਜਾਵੇ।’’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਸਹੀ ਕਹਿੰਦੇ ਹਨ ਕਿ ਉਨ੍ਹਾਂ ਜੋ ਕੀਤਾ ਉਹ 70 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤਾ। ਨੋਟਬੰਦੀ ਗ਼ਰੀਬ ਜਨਤਾ ਦੀ ਲੁੱਟ ਤੇ ਅਮੀਰਾਂ ਦੇ ਖੀਸੇ ਭਰਨ ਦੀ ਮਿਸਾਲ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਫਾਲ ਲੜਾਕੂ ਜਹਾਜ਼ 520 ਕਰੋੜ ਰੁਪਏ ਦਾ ਵੇਚਿਆ ਜਾ ਰਿਹਾ ਸੀ ਪਰ ਮੋਦੀ ਸਰਕਾਰ ਇਹ 1600 ਕਰੋੜ ਰੁਪਏ ਦੇ ਭਾਅ ਖਰੀਦ ਰਹੀ ਹੈ। ਸਰਕਾਰ ਦੱਸੇ ਕਿ ਇਸ ਨਾਲ ਕਿੰਨ੍ਹਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਭਾਰਤ ਤੇ ਫਰਾਂਸ ਨੇ 23 ਸਤੰਬਰ 2016 ਨੂੰ 36 ਰਾਫਾਲ ਜਹਾਜ਼ਾਂ ਦੀ ਖਰੀਦ ਲਈ ਕਰੀਬ 59000 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ।

VIA PUNJAB