ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ

ਆਬੂਧਾਬੀ- ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਬੁੱਧਵਾਰ ਨੂੰ ਇੱਥੇ ਹੋਣ ਵਾਲਾ ਆਖਰੀ ਸੁਪਰ-4 ਮੈਚ ਇਕ ਤਰ੍ਹਾਂ ਨਾਲ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਹੋਵੇਗਾ, ਜਿਸ ਨੂੰ ਜਿੱਤਣ ਵਾਲੀ ਟੀਮ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਭਾਰਤ ਨਾਲ ਭਿੜੇਗੀ। ਭਾਰਤੀ ਟੀਮ ਸੁਪਰ-4 ਵਿਚ ਬੰਗਲਾਦੇਸ਼ ਤੇ ਪਾਕਿਸਤਾਨ ਨੂੰ ਇਕਤਰਫਾ ਅੰਦਾਜ਼ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ, ਜਦਕਿ ਬੰਗਲਾਦੇਸ਼ ਤੇ ਪਾਕਿਸਤਾਨ ਦੋਵਾਂ ਨੇ ਸੁਪਰ-4 ‘ਚੋਂ ਇਕ-ਇਕ ਮੈਚ ਜਿੱਤਿਆ ਹੈ। ਬੰਗਲਾਦੇਸ਼ ਤੇ ਪਾਕਿਸਤਾਨ ਦੋਵਾਂ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ ਪਰ ਦੋਵਾਂ ਨੂੰ ਭਾਰਤ ਹੱਥੋਂ ਹਾਰ ਝੱਲਣੀ ਪਈ ਹੈ। ਬੰਗਲਾਦੇਸ਼ ਤੇ ਪਾਕਿਸਤਾਨ ਦੇ ਮੁਕਾਬਲੇ ਦੀ ਜੇਤੂ ਟੀਮ ਫਾਈਨਲ ਵਿਚ ਜਗ੍ਹਾ ਬਣਾ ਲਵੇਗੀ। ਪਾਕਿਸਤਾਨ ਨੂੰ ਆਪਣੇ ਪਿਛਲੇ ਮੈਚ ਵਿਚ ਭਾਰਤ ਹੱਥੋਂ 9 ਵਿਕਟਾਂ ਦੀ ਕਰਾਰੀ ਹਾਰ ਝੱਲਣੀ ਪਈ ਸੀ ਤੇ ਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਉਸ ਨੂੰ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਹੀ ਵਿਭਾਗਾਂ ਵਿਚ ਸੁਧਾਰ ਕਰਨਾ ਪਵੇਗਾ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਆਪਣਾ ਪਿਛਲਾ ਮੁਕਾਬਲਾ ਅਫਗਾਨਿਸਤਾਨ ਹੱਥੋਂ ਰੋਮਾਂਚਕ ਅੰਦਾਜ਼ ਵਿਚ ਤਿੰਨ ਦੌੜਾਂ ਨਾਲ ਜਿੱਤ ਕੇ ਵਧੇ ਹੋਏ ਮਨੋਬਲ ਨਾਲ ਪਾਕਿਸਤਾਨ ਵਿਰੁੱਧ ਉਤਰੇਗੀ। ਬੰਗਲਾਦੇਸ਼ ਨੇ ਗਰੁੱਪ ਗੇੜ ਵਿਚ ਅਫਗਾਨਿਸਤਾਨ ਤੇ ਸੁਪਰ-4 ਵਿਚ ਭਾਰਤ ਹੱਥੋਂ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅਫਗਾਨਿਸਤਾਨ ਨੂੰ ਹਰਾ ਕੇ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਅਫਗਾਨਿਸਤਾਨ ਨੂੰ ਆਖਰੀ ਓਵਰ ਵਿਚ ਜਿੱਤ ਲਈ 8 ਦੌੜਾਂ ਬਣਾਈਆਂ ਸਨ ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੇ ਕਮਾਲ ਦੇ ਆਖਰੀ ਓਵਰ ਵਿਚ ਬੰਗਲਾਦੇਸ਼ ਨੇ ਆਖਰੀ ਗੇਂਦ ਤਕ ਖਿੱਚੇ ਥ੍ਰਿਲਰ ਵਿਚ ਅਫਗਾਨਿਸਤਾਨ ਨੂੰ 3 ਦੌੜਾਂ ਨਾਲ ਹਰਾਇਆ। ਬੰਗਲਾਦੇਸ਼ ਦੀ ਟੀਮ ਇਸ ਜਿੱਤ ਤੋਂ ਬਾਅਦ ਵਧੇ ਹੋਏ ਮਨੋਬਲ ਨਾਲ ਪਾਕਿਸਤਾਨ ਨੂੰ ਸਖਤ ਟੱਕਰ ਦੇਣ ਦੇ ਇਰਾਦੇ ਨਾਲ ਉਤਰੇਗੀ।
ਪਾਕਿਸਤਾਨ ਨੇ ਭਾਰਤ ਵਿਰੁੱਧ 7 ਵਿਕਟਾਂ ‘ਤੇ 237 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ ਸੀ, ਜਿਹੜਾ ਉਸ ਨੂੰ ਜਿੱਤ ਦਿਵਾਉਣ ਲਈ ਕਾਫੀ ਨਹੀਂ ਸੀ।

VIA PUNJAB