ਪਾਕਿਸਤਾਨ ਨੂੰ ਭਾਰਤੀ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ: ਉਮਰ

ਲੰਡਨ – ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਸਰਕਾਰ ਨੂੰ ਕਸ਼ਮੀਰ ਬਾਰੇ ਵਾਰਤਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤ ਦੇ ਵਾਜਿਬ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ ਹੈ। ਇਹ ਗੱਲ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟੱਡੀਜ਼ ਆਈਆਈਐਸਐਸ ਵਲੋਂ ਕਰਵਾਈ ਇਕ ਗੋਸ਼ਟੀ ਵਿਚ ਹਿੱਸਾ ਲੈਂਦਿਆਂ ਆਖੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕੋਈ ਇਕ ਅੱਧ ਸਿਖਰ ਵਾਰਤਾ ਨਾਲ ਕਸ਼ਮੀਰ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਤੇ ਇਸ ਮੁੱਦੇ ’ਤੇ ਸੁਚੱਜੀ ਵਾਰਤਾ ਹੋਣ ਦੀਆਂ ਆਸਾਂ ’ਤੇ ਸਰਹੱਦ ਦੇ ਦੋਵੇਂ ਪਾਸੇ ਉਨ੍ਹਾਂ ਤਾਕਤਾਂ ਵਲੋਂ ਪਾਣੀ ਫੇਰ ਦਿੱਤਾ ਜਾਂਦਾ ਹੈ ਜੋ ਗੱਲਬਾਤ ਦੀਆਂ ਵੈਰੀ ਹਨ। ਉਨ੍ਹਾਂ ਕਿਹਾ ‘‘ ਅਸੀਂ ਜਦੋਂ ਚੋਣਾਂ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਾਂ ਤਾਂ ਮੇਰਾ ਖਿਆਲ ਹੈ ਕਿ ਪਾਕਿਸਤਾਨ ਨੂੰ ਭਾਰਤ ਦੇ ਵਾਜਿਬ ਸਰੋਕਾਰਾਂ ਨੂੰ ਮੁਖ਼ਾਤਬ ਹੋਣ ਮੁਤੱਲਕ ਕੁਝ ਆਤਮ ਮੰਥਨ ਕਰ ਲੈਣਾ ਚਾਹੀਦਾ ਹੈ। ਪਾਕਿਸਤਾਨ ਸਾਡਾ ਗੁਆਂਢੀ ਹੈ, ਸਾਡੇ ਪਾਕਿਸਤਾਨ ਨਾਲ ਜੋ ਵੀ ਸਰੋਕਾਰ ਹੋਣ, ਅਸੀਂ ਇਹ ਪ੍ਰਵਾਨ ਕੀਤਾ ਹੈ ਕਿ ਜੰਗ ਦਾ ਰਾਹ ਨਹੀਂ ਚੁਣਿਆ ਜਾ ਸਕਦਾ। ਇਸ ਲਈ ਸਾਡੇ ਕੋਲ ਗੱਲਬਾਤ ਦਾ ਰਾਹ ਹੀ ਬਚਦਾ ਹੈ। ਸਾਨੂੰ ਗੱਲਬਾਤ ਰਾਹੀਂ ਹੀ ਆਪਣੇ ਮੱਤਭੇਦ ਸੁਲਝਾਉਣੇ ਪੈਣਗੇ।’

VIA PUNJAB