ਪਾਕਿਸਤਾਨ ਲਈ ਫ਼ੌਜੀ ਸਹਾਇਤਾ ਬਹਾਲ ਹੋਣ ਦੇ ਆਸਾਰ ਮੱਧਮ

ਵਾਸ਼ਿੰਗਟਨ – ਅਮਰੀਕਾ ਵੱਲੋਂ ਪਾਕਿਸਤਾਨ ਦੀ ਰੋਕੀ ਗਈ ਫ਼ੌਜੀ ਇਮਦਾਦ ਬਹਾਲ ਕਰਨ ਦੇ ਉਦੋਂ ਤੱਕ ਆਸਾਰ ਨਹੀਂ ਹਨ ਜਦੋਂ ਤੱਕ ਉਸ ਵੱਲੋਂ ਦਹਿਸ਼ਤਗਰਦਾਂ ਤੇ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਖ਼ਿਲਾਫ਼ ਢੁਕਵੀਂ ਕਾਰਵਾਈ ਹੁੰਦੀ ਨਹੀਂ ਦਿਸਦੀ। ਇੱਥੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਦੁਵੱਲੇ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ ਕੀਤੀ ਮੀਟਿੰਗ ਦੌਰਾਨ ਟਰੰਪ ਪ੍ਰਸ਼ਾਸਨ ਨੇ ਇਸਲਾਮਾਬਾਦ ਤੱਕ ਇਹ ਗੱਲ ਪਹੁੰਚਾਈ ਹੈ। ਸਮਝਿਆ ਜਾਂਦਾ ਹੈ ਕਿ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਕੀਤੀਆਂ ਵੱਖੋ ਵੱਖਰੀਆਂ ਮੀਟਿੰਗਾਂ ਦੌਰਾਨ ਇਹ ਗੱਲ ਆਖੀ ਹੈ ਕਿ ਜਿੱਥੋਂ ਤੱਕ ਪਾਕਿਸਤਾਨੀ ਸਰਜ਼ਮੀਨ ਤੋਂ ਸਰਗਰਮ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਦਾ ਸਬੰਧ ਹੈ ਉਸ ਸਬੰਧੀ ਜ਼ਮੀਨੀ ਹਾਲਾਤ ਵਿੱਚ ਕੋਈ ਖਾਸ ਤਬਦੀਲੀ ਨਜ਼ਰ ਨਹੀਂ ਆ ਰਹੀ। ਤਾਲਿਬਾਨ ਉਪਰ ਪਾਕਿਸਤਾਨ ਦੇ ਅਸਰ-ਰਸੂਖ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ 17 ਸਾਲ ਪੁਰਾਣੀ ਜੰਗ ਖਤਮ ਕਰਨ ਲਈ ਉਹ ਉਨ੍ਹਾਂ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਵੇ। ਕੁਰੈਸ਼ੀ ਅਤੇ ਪੌਂਪੀਓ ਵਿਚਕਾਰ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰਜ਼ ਵਿਖੇ ਕਰੀਬ 20 ਮਿੰਟ ਮੀਟਿੰਗ ਹੋਈ।

VIA PUNJAB