ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ

ਰਾਜਕੋਟ – ਇੰਗਲੈਂਡ ਹੱਥੋਂ ਪੰਜ ਟੈਸਟ ਮੈਚਾਂ ਦੀ ਲੜੀ 1-4 ਨਾਲ ਹਾਰਨ ਮਗਰੋਂ ਭਾਰਤ ਹੁਣ ਸਵਦੇਸ਼ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਵੀਰਵਾਰ ਤੋਂ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਣ ਲਈ ਉਤਰੇਗਾ। ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਪਲੇਠਾ ਮੈਚ ਖੇਡਣ ਦਾ ਮੌਕਾ ਮਿਲਣ ਜਾ ਰਿਹਾ ਹੈ, ਜਦੋਂਕਿ ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਟੀਮ ਵਿੱਚ ਥਾਂ ਨਹੀਂ ਬਣਾ ਸਕੇ। ਇਹ ਮੈਚ ਰਾਜਕੋਟ ਸਟੇਡੀਅਮ ਵਿੱਚ ਹੋਵੇਗਾ। ਸ਼ਾਅ ਟੈਸਟ ਟੀਮ ਵਿੱਚ ਪਹਿਲੀ ਵਾਰ ਖੇਡਣ ਨਾਲ ਕੌਮੀ ਟੀਮ ਦਾ 293ਵਾਂ ਖਿਡਾਰੀ ਬਣ ਜਾਵੇਗਾ। ਭਾਰਤ ਨੂੰ ਪਿਛਲੇ ਨੌਂ ਮਹੀਨਿਆਂ ਵਿੱਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਦੋਂ ਵੀ ਉਹ ਟੈਸਟ ਮੈਚਾਂ ਵਿੱਚ ਦੁਨੀਆਂ ਦੀ ਅੱਵਲ ਟੀਮ ਬਣੀ ਹੋਈ ਹੈ। ਅਜਿਹੇ ਸਮੇਂ ਵੈਸਟ ਇੰਡੀਜ਼ ’ਤੇ ਵੱਡੀ ਜਿੱਤ ਨਾਲ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਦਾ ਹੌਸਲਾ ਵਧੇਗਾ, ਜਿਸ ਨੇ ਨਵੰਬਰ ਵਿੱਚ ਸ਼ੁਰੂ ਹੋਣ ਵਾਲੇ ਆਸਟਰੇਲਿਆਈ ਦੌਰੇ ਵਿੱਚ ਮੁੜ ਤੋਂ ਸਖ਼ਤ ਪ੍ਰੀਖਿਆ ਵਿੱਚੋਂ ਲੰਘਣਾ ਹੈ। ਭਾਰਤ ਨੂੰ ਅੱਠਵੇਂ ਨੰਬਰ ਦੀ ਵੈਸਟ ਇੰਡੀਜ਼ ਖ਼ਿਲਾਫ਼ ਜਿੱਤ ਨਾਲ ਬਹੁਤ ਕੁੱਝ ਹਾਸਲ ਨਹੀਂ ਹੋਵੇਗਾ, ਪਰ ਕੈਰੇਬਿਆਈ ਟੀਮ ਆਪਣਾ ਪ੍ਰਭਾਵ ਛੱਡਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਸ ਨੂੰ ਭਾਰਤ ਖ਼ਿਲਾਫ਼ 2002 ਮਗਰੋਂ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ, ਜਦਕਿ ਭਾਰਤੀ ਧਰਤੀ ’ਤੇ ਉਸ ਨੇ 1994 ਮਗਰੋਂ ਕੋਈ ਮੈਚ ਨਹੀਂ ਜਿੱਤਿਆ। ਭਾਰਤੀ ਟੀਮ ਨੂੰ ਇੰਗਲੈਂਡ ਦੌਰੇ ਵਿੱਚ ਕਈ ਬਦਲਾਅ ਕਰਨ ਕਾਰਨ ਆਲੋਚਨਾ ਝੱਲਣੀ ਪਈ ਅਤੇ ਇਸ ਮਗਰੋਂ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਅਤੇ ਸ਼ਿਖਰ ਧਵਨ ਨੂੰ ਆਪਣੀ ਥਾਂ ਗੁਆਉਣੀ ਪਈ। ਇੱਥੋਂ ਤਕ ਕਿ ਇੰਗਲੈਂਡ ਦੌਰੇ ਦੌਰਾਨ ਬਾਹਰ ਬੈਠੇ ਰਹਿਣ ਵਾਲੇ ਕਰੁਣ ਨਾਇਰ ਨੂੰ ਬਾਹਰ ਕਰਨ ’ਤੇ ਵੀ ਟੀਮ ਦੀ ਚੋਣ ’ਤੇ ਸਵਾਲ ਉਠ ਰਹੇ ਹਨ। ਇਹ ਤੈਅ ਹੈ ਕਿ ਭਾਰਤ ਇਸ ਮੈਚ ਵਿੱਚ ਨਵੀਂ ਸਲਾਮੀ ਜੋੜੀ ਨਾਲ ਮੈਦਾਨ ’ਤੇ ਉਤਰੇਗਾ। ਕੇਐਲ ਰਾਹੁਲ ਪ੍ਰਤਿਭਾਸ਼ਾਲੀ ਪ੍ਰਿਥਵੀ ਸ਼ਾਅ ਨਾਲ ਮਿਲ ਕੇ ਪਾਰੀ ਦੀ ਸ਼ੁਰੂਆਤ ਕਰੇਗਾ। ਇਨ੍ਹਾਂ ਦੀ ਜੋੜੀ ਹੋ ਸਕਦਾ ਹੈ ਇੱਥੇ ਚੱਲੇ, ਪਰ ਜ਼ਰੂਰੀ ਨਹੀਂ ਕਿ ਆਸਟਰੇਲੀਆ ਵਿੱਚ ਉਹ ਚਲ ਸਕੇ, ਜਿਥੋਂ ਦੀਆਂ ਹਾਲਤਾਂ ਪੂਰੀ ਤਰ੍ਹਾਂ ਵੱਖਰੀਆਂ ਹਨ।

VIA PUNJAB