ਪਿੰਡ ਠੂਠਿਆਂਵਾਲੀ ਦੇ ਕਿਸਾਨ ਭਰਾ ਦੂਜਿਆਂ ਲਈ ਨੇ ਰਾਹ ਦਸੇਰਾ-ਪਿਛਲੇ 2 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ

ਮਾਨਸਾ – ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਭਰਾ ਸ੍ਰੀ ਸਰਬਜੀਤ ਸਿੰਘ ਅਤੇ ਸ੍ਰੀ ਅਮਰਜੀਤ ਸਿੰਘ ਹੋਰਨਾਂ ਲਈ ਮਿਸਾਲ ਹਨ। ਉਨ੍ਹਾਂ ਨੇ ਨਾ ਕੇਵਲ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਰੀਤ ਤੋੜੀ ਹੈ ਬਲਕਿ ਪਿਛਲੇ 7-8 ਸਾਲਾਂ ਤੋਂ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਫਸਲ ਵਿਚ ਵਾਧੇ ਦੇ ਨਾਲ-ਨਾਲ ਪਾਣੀ, ਖਾਦ ਪਦਾਰਥ ਅਤੇ ਤੇਲ ਦੀ ਬਚਤ ਵੀ ਹੋਈ ਹੈ। ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 7-8 ਸਾਲ ਤੋਂ ਕਣਕ ਦੀ ਰਹਿੰਦ ਖੂੰਹਦ ਨੂੰ ਨਹੀਂ ਸਾੜਿਆ ਅਤੇ ਇਸ ਨੂੰ ਖੇਤ ਵਿਚ ਰਲਾ ਕੇ ਇਸ ਦਾ ਪ੍ਰਬੰਧ ਕਰ ਰਹੇ ਹਨ। ਇਸੇ ਤਰਾਂ ਇਹ ਤੀਸਰਾ ਸਾਲ ਹੈ ਜਦੋਂ ਇਹ ਕਿਸਾਨ ਭਰਾ ਝੋਨੇ ਦੀ ਪਰਾਲੀ ਵੀ ਨਹੀਂ ਸਾੜਨਗੇ। ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਨਾਲ ਪ੍ਰਤੀ ਏਕੜ ਵੱਧ ਝਾੜ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਮੇਰੀ ਮਿੱਟੀ ਦੀ ਉਪਜਾਊ ਸ਼ਕਤੀ ਮੁੜ ਸੁਰਜੀਤ ਹੋਈ ਹੈ ਬਲਕਿ ਉਹ ਸਿੰਜਾਈ ਲਈ ਪਾਣੀ ਅਤੇ ਖਾਦਾਂ ਤੇ ਬਹੁਤ ਘੱਟ ਖਰਚ ਕਰ ਰਿਹਾ ਹੈ। ਕਿਸਾਨ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਦਾ ਹੈ ਜਿਸ ਵਿਚ ਬੀਜ ਸਿੱਧੇ ਰਹਿੰਦ ਖੂੰਹਦ ਦੇ ਕਰਚਿਆਂ ਵਿਚ ਲਗਾਏ ਜਾਂਦੇ ਹਨ। ਉਹ ਪ੍ਰਤੀ ਏਕੜ ਵਿਚ 4500 ਰੁਪਏ ਦੀ ਬੱਚਤ ਕਰ ਰਿਹਾ ਹੈ ਜਿਸ ਵਿਚ ਝੋਨੇ ਦੀ ਲਵਾਈ ਦੀ ਰੋਜਾਨਾਂ ਪ੍ਰਤੀ ਏਕੜ ਮਜ਼ਦੂਰੀ ਦੀ ਕੀਮਤ 3000 ਰੁਪਏ, ਖੇਤ ਕੱਦੂ ਕਰਨ ਤੇ 1000 ਰੁਪਏ ਅਤੇ ਖਾਦ ਰਸਾਇਣਾਂ ਦੀ ਵਰਤੋਂ ਤੇ ਲਗਭਗ 500 ਰੁਪਏ ਆਦਿ ਦੇ ਖਰਚੇ ਸ਼ਾਮਲ ਹਨ। ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦਾ ਹੈ ਜੋ ਉਸ ਨੂੰ ਸਹੀ ਸੇਧ ਦਿੰਦੇ ਹਨ। ਵਰਤਮਾਨ ਵਿਚ ਵਿਭਾਗ ਆਪਣੇ ਖੇਤਾਂ ਨੂੰ ਸਿੱਧੀ ਬਿਜਾਈ ਤਕਨੀਕਾਂ ਲਈ ਪ੍ਰਦਰਸ਼ਤ ਖੇਤ ਵਜੋਂ ਵੀ ਵਰਤ ਰਿਹਾ ਹੈ। ਦੋਹਾਂ ਕਿਸਾਨ ਭਰਾਵਾਂ ਨੇ ਸਬਸਿਡੀ ਤੇ ਸਿੱਧੀ ਬਿਜਾਈ ਲਈ ਮਸ਼ੀਨ 40,000 ਰੁਪਏ ਤੇ ਖਰੀਦੀ ਹੈ। ਆਪਣੀ ਮਸ਼ੀਨ ਦੀ ਸਭ ਤੋਂ ਵਧੀਆ ਵਰਤੋਂ ਕਰਨ ਲਈ, ਉਹ ਇਸ ਨੂੰ 800 ਰੁਪਏ ਤੋਂ 1000 ਰੁਪਏ ਪ੍ਰਤੀ ਏਕੜ ਦੀ ਲਾਗਤ ਤੇ ਹੋਰਨਾਂ ਕਿਸਾਨਾਂ ਨੂੰ ਕਿਰਾਏ ਤੇ ਦਿੰਦੇ ਹਨ ਅਤੇ ਆਪਣੇ ਖੇਤਾਂ ਤੋਂ ਇਲਾਵਾ ਹੋਰ ਲਗਭਗ 125 ਏਕੜ ਜ਼ਮੀਨ ਦੀ ਸਿੱਧੀ ਬਿਜਾਈ ਕਰਕੇ ਹਰ ਸੀਜ਼ਨ ਤੇ ਇਕ ਵਧੀਆ ਕਾਰੋਬਾਰ ਕਰਦੇ ਹਨ।ਮੁੱਖ ਖੇਤੀਬਾੜੀ ਅਫਸਰ ਮਾਨਸਾ ਸ੍ਰੀ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਸਰਬਜੀਤ ਅਤੇ ਅਮਰਜੀਤ ਵਰਗੇ ਕਿਸਾਨ ਹੋਰਨਾਂ ਕਿਸਾਨਾਂ ਦੀ ਲਈ ਮਿਸਾਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਤੀਬਾੜੀ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਅਤੇ ਇਸ ਦੀ ਬਜਾਏ ਇਸ ਨੂੰ ਖੇਤਾਂ ਵਿਚ ਰਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਆਪਣੇ ਬੱਚਿਆਂ ਅਤੇ ਵਾਤਾਵਰਣ ਨੂੰ ਸਿਹਤਮੰਦ ਬਣਾਉਣ ਵਿਚ ਯੋਗਦਾਨ ਪਾਉਣ।

VIA PUNJAB