ਪੁਲਵਾਮਾ ਹਮਲੇ ’ਚ ਪਾਕਿਸਤਾਨ ਦਾ ਕੋਈ ਹੱਥ ਨਹੀਂ : ਇਮਰਾਨ ਖ਼ਾਨ

ਜੇਕਰ ਭਾਰਤ ਜੰਗ ਦੀ ਸ਼ੁਰੂਆਤ ਕਰਦਾ ਹੈ ਤਾਂ ਪਾਕਿ ਵੀ ਮੂੰਹ ਤੋੜ ਜਵਾਬ ਦੇਣ ਦੇ ਸਮਰਥ
ਇਸਲਾਮਾਬਾਦ – ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਖੁਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਕੋਈ ਹਥ ਨਹੀਂ ਤੇ ਭਾਰਤ ਬਿਨਾਂ ਕਿਸੇ ਸਬੂਤ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ। ਇਮਰਾਨ ਖ਼ਾਨ ਨੇ ਕਿਹਾ ਕਿ ਜੇਕਰ ਭਾਰਤ ਕਿਸੇ ਵੀ ਤਰ੍ਹਾਂ ਜਾਂਚ ਕਰਾਉਣਾ ਚਾਹੁੰਦਾ ਹੈ ਤਾਂ ਉਸ ਲਈ ਅਸੀਂ ਤਿਆਰ ਹਾਂ। ਇਮਰਾਨ ਖ਼ਾਨ ਨੇ ਅਗੇ ਕਿਹਾ ਕਿ ਜੇਕਰ ਭਾਰਤ ਨੂੰ ਕਿਸੇ ਮਿਲਟਰੀ ਇੰਟੈਲੀਜੈਂਸ ਦੀ ਖ਼ਬਰ ਹੈ ਤਾਂ ਸਾਨੂੰ ਦਸੇ, ਸਾਡੀ ਸਰਕਾਰ ਇਸ ਸੂਚਨਾ ’ਤੇ ਕਾਰਵਾਈ ਕਰੇਗੀ। ਇਮਰਾਨ ਖਾਨ ਨੇ ਸਵਾਲ ਕੀਤਾ ਕਿ ਉਹ ਅਜਿਹਾ ਹਮਲਾ ਕਿਉਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਅਤਵਾਦ ਤੋਂ ਪੀੜਤ ਹੈ। ਇਮਰਾਨ ਖਾਨ ਨੇ ਕਿਹਾ ਕਿ ਨਵੇਂ ਪਾਕਿਸਤਾਨ ਵਿਚ ਅਤਵਾਦ ਲਈ ਕੋਈ ਥਾਂ ਨਹੀਂ। ਉਹ ਭਾਰਤ ਨਾਲ ਅਤਵਾਦ ਦੇ ਮੁਦੇ ’ਤੇ ਗਲ਼ਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਪਹਿਲਾਂ ਅਤਵਾਦ ’ਤੇ ਗਲਬਾਤ ਕਰਨ ਲਈ ਤਿਆਰ ਹਾਂ। ਜੇਕਰ ਹਮਲੇ ਦਾ ਸਬੂਤ ਮਿਲੇਗਾ ਤਾਂ ਐਕਸ਼ਨ ਦੀ ਗਾਰੰਟੀ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਨਾਲ ਜੰਗ ਕਰਨ ਦੀ ਸੋਚ ਰਿਹਾ ਹੈ ਤਾਂ ਇਸ ਨਾਲ ਦੋਵੇਂ ਮੁਲਕਾਂ ਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਬਲਕਿ ਦੋਨਾਂ ਮੁਲਕਾਂ ਦੇ ਬੇਗੁਨਾਹ ਬੇਮਤਲਬ ਮਾਰੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੰਗ ਸ਼ੁਰੂ ਕਰਨਾ ਸੌਖਾ ਹੈ ਪਰ ਖ਼ਤਮ ਕਰਨਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਜੰਗ ਹੋਈ ਤਾਂ ਪਾਕਿਸਤਾਨ ਵੀ ਮੂੰਹ ਤੋੜ ਜਵਾਬ ਦੇਣ ਦੇ ਸਮਰਥ ਹੈ। ਪੁਲਵਾਮਾ ਹਮਲੇ ਦੇ ਬਾਅਦ ਚਾਰ ਚੁਫੇਰੇ ਤੋਂ ਦਬਾਅ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਕਿਹਾ ਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ’ਤੇ ਸਾਲ 2002 ਵਿਚ ਪਾਬੰਦੀ ਲਗਾਈ ਸੀ। ਇਸਲਾਮਾਬਾਦ ਇਨ੍ਹਾਂ ਪਾਬੰਦੀਆਂ ਉਤੇ ਕਾਨੂੰਨ ਮੁਤਾਬਕ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਸ ਦੋਸ਼ ਨੂੰ ਖਾਰਜ ਕੀਤਾ ਕਿ ਪੁਲਵਾਮਾ ਹਮਲੇ ਪਿਛੇ ਪਾਕਿਸਤਾਨ ਦਾ ਹਥ ਹੈ। ਉਨ੍ਹਾਂ ਕਿਹਾ ਕਿ ਦੋਸ਼ ਹਮਲੇ ਦੇ ਕੁਝ ਹੀ ਸਮੇਂ ਵਿਚਕਾਰ ਅਤੇ ਬਗੈਰ ਕਿਸੇ ਜਾਂਚ ਦੇ ਲਗਾਏ ਜਾ ਰਹੇ ਹਨ।

VIA PUNJAB