ਪ੍ਰਵਾਸੀ ਬੱਚਿਆਂ ਦੀ ਮੌਤ ਲਈ ਡੈਮੋਕ੍ਰੇਟਸ ਜ਼ਿੰਮੇਵਾਰ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਰਾਸਤ ਦੌਰਾਨ ਦੋ ਪ੍ਰਵਾਸੀ ਬੱਚਿਆਂ ਦੀ ਮੌਤ ਲਈ ਵਿਰੋਧੀ ਪਾਰਟੀ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਟਰੰਪ ਨੇ ਕਿਹਾ ਕਿ ਸੀਮਾ ਤੇ ਹਿਰਾਸਤ ਵਿਚ ਬੱਚਿਆਂ ਦੀ ਮੌਤ ਡੈਮੋਕ੍ਰੇਟਸ ਦੀ ਖਰਾਬ ਇਮੀਗ੍ਰੇਸ਼ਨ ਨੀਤੀਆਂ ਦਾ ਨਤੀਜਾ ਹੈ| ਉਨ੍ਹਾਂ ਦੀਆਂ ਗਲਤ ਨੀਤੀਆਂ ਨੇ ਹੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਮੌਕਾ ਦਿੱਤਾ, ਜਿਸ ਕਾਰਨ ਹੁਣ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ| ਬੱਚਿਆਂ ਦੀ ਮੌਤ ਦੇ ਬਹਾਨੇ ਰਾਸ਼ਟਰਪਤੀ ਟਰੰਪ ਦੱਖਣੀ ਸੀਮਾ ਤੇ ਕੰਧ ਬਣਾਉਣ ਦੀ ਆਪਣੀ ਅਭਿਲਾਸ਼ੀ ਯੋਜਨਾ ਦਾ ਜ਼ਿਕਰ ਕਰਨਾ ਨਹੀਂ ਭੁੱਲੇ| ਉਨ੍ਹਾਂ ਨੇ ਟਵੀਟ ਕੀਤਾ,”ਅੱਜ ਜੇਕਰ ਮੈਕਸੀਕੋ ਦੀ ਸੀਮਾ ਤੇ ਕੰਧ ਹੁੰਦੀ ਤਾਂ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋਣ ਬਾਰੇ ਸੋਚ ਵੀ ਨਹੀਂ ਸਨ ਸਕਦੇ|” ਟਰੰਪ ਦਾ ਇਹ ਬਿਆਨ ਯੂ.ਐਸ. ਬਾਰਡਰ ਪੈਟਰੋਲ ਦੀ ਹਿਰਾਸਤ ਵਿੱਚ ਗਵਾਟੇਮਾਲਾ ਦੇ ਦੋ ਬੱਚਿਆਂ ਦੀ ਮੌਤ ਦੇ ਬਾਅਦ ਆਇਆ ਹੈ| ਦੋਵੇਂ ਬੱਚੇ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੌਰਾਨ ਹਿਰਾਸਤ ਵਿੱਚ ਲਏ ਗਏ ਸਨ|

VIA PUNJAB