ਪ੍ਰਿਯੰਕਾ ਅਤੇ ਸਿੰਧੀਆ ਨੇ ਕਾਂਗਰਸ ਜਨਰਲ ਸਕੱਤਰ ਦੇ ਅਹੁਦੇ ਸੰਭਾਲੇ

ਨਵੀਂ ਦਿੱਲੀ – ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸੀਨੀਅਰ ਕਾਂਗਰਸ ਆਗੂ ਜੋਤਿਰਾਦਿਤਿਆ ਸਿੰਧੀਆ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਅੱਜ ਅਹੁਦੇ ਸੰਭਾਲ ਲਏ ਹਨ। ਪ੍ਰਿਯੰਕਾ ਨੂੰ ਉੱਤਰ ਪ੍ਰਦੇਸ਼ ਪੂਰਬੀ ਅਤੇ ਸਿੰਧੀਆ ਨੂੰ ਉੱਤਰ ਪ੍ਰਦੇਸ਼ ਪੱਛਮੀ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਪਤੀ ਰਾਬਰਟ ਵਾਡਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ’ਚ ਛੱਡਣ ਮਗਰੋਂ ਪ੍ਰਿਯੰਕਾ ਨੇ ਅਹੁਦਾ ਸੰਭਾਲਿਆ। ਇਸ ਮਗਰੋਂ ਉਸ ਨੇ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਅਤੇ ਭਰਾ ਰਾਹੁਲ ਗਾਂਧੀ ਨੇ ਪ੍ਰਿਯੰਕਾ ਅਤੇ ਸਿੰਧੀਆ ਨੂੰ ਪਾਰਟੀ ਦਾ ਜਨਰਲ ਸਕੱਤਰ 23 ਜਨਵਰੀ ਨੂੰ ਨਿਯੁਕਤ ਕੀਤਾ ਸੀ। ਉਸ ਦਾ ਦਫ਼ਤਰ ਅਕਬਰ ਰੋਡ ’ਤੇ ਕਾਂਗਰਸ ਦੇ ਹੈੱਡਕੁਆਰਟਰ ’ਤੇ ਹੈ ਜਿਥੇ ਨਾਲ ਹੀ ਰਾਹੁਲ ਦਾ ਕਮਰਾ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸਾਰੇ ਜਨਰਲ ਸਕੱਤਰਾਂ ਅਤੇ ਵੱਖ ਵੱਖ ਸੂਬਿਆਂ ਦੇ ਇੰਚਾਰਜਾਂ ਦੀ ਬੈਠਕ ਸੱਦੀ ਹੈ ਤਾਂ ਜੋ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਈ ਜਾ ਸਕੇ। ਇਸ ਬੈਠਕ ’ਚ ਪ੍ਰਿਯੰਕਾ ਵੀ ਹਾਜ਼ਰ ਰਹੇਗੀ।

VIA PUNJAB