ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਜ਼ਾ ਦਾ ਸਵਾਗਤ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਸਬੰਧੀ ਇਕ ਕੇਸ ਵਿੱਚ ਦਿੱਲੀ ਦੀ ਇਕ ਅਦਾਲਤ ਵੱਲੋਂ ਮੌਤ ਦੀ ਪਹਿਲੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ ਜੋ ਕਿ ¦ਮੇ ਸਮੇਂ ਤੋਂ ਚੱਲਿਆ ਆ ਰਿਹਾ ਸੀ। ਦੰਗਿਆਂ ਦੌਰਾਨ ਦੱਖਣੀ ਦਿੱਲੀ ਦੇ ਮਹੀਪਾਲੁਰ ਵਿਖੇ ਦੋ ਵਿਅਕਤੀਆਂ ਦੀ ਹੱਤਿਆਂ ਦੇ ਸਬੰਧ ਵਿੱਚ ਦਿੱਲੀ ਦੀ ਇਕ ਅਦਾਲਤ ਵੱਲੋਂ ਦੋ ਵਿਅਕਤੀਆਂ ਨੂੰ ਸਜ਼ਾ ਸੁਣਾਏ ਜਾਣ ਜਿਨ੍ਹਾਂ ਵਿੱਚੋਂ ਇਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਉੱਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਖ਼ਰਕਾਰ ਘਿਨਾਉਣੇ ਅਪਰਾਧ ਦੇ ਲਈ ਨਿਆਂ ਮਿਲਿਆ ਹੈ। ਮੁੱਖ ਮੰਤਰੀ ਨੇ ਇਹ ਵੀ ਨੋਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਨੂੰ ਨਿਆਂ ਦੇਣ ਲਈ 30 ਸਾਲ ਤੋਂ ਵੱਧ ਸਮਾਂ ਲੱਗਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰਨਾਂ ਕੇਸਾਂ ਦਾ ਵੀ ਨਿਆਂ-ਪਾਲਿਕਾ ਵੱਲੋਂ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਚੇਤਨਾ ’ਤੇ ਡੂੰਘੇ ਜਖ਼ਮ ਛੱਡਣ ਵਾਲੇ ਦੰਗਿਆਂ ਦੇ ਕੇਸਾਂ ਨੂੰ ਤੇਜ਼ੀ ਨਾਲ ਹੱਲ ਕਰਨ ਅਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਉਚਿਤ ਮੁਕਾਮ ’ਤੇ ਪਹੁੰਚਾਉਣ ਦੀ ਜ਼ਰੂਰਤ ਹੈ। ਇਨ੍ਹਾਂ ਅਣਕਿਆਸੇ ਦੰਗਿਆਂ ਤੋਂ ਬਾਅਦ ਪੀੜਤਾਂ ਨੂੰ ਮਦਦ ਮੁਹੱਈਆ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਨਾਰਥੀ ਕੈਂਪਾਂ ਦਾ ਦੌਰਾ ਕੀਤਾ ਸੀ। ਇਨ੍ਹਾਂ ਦੰਗਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਲੱਖਾਂ ਬੇਘਰ ਹੋ ਗਏ ਸਨ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਹਮਲਿਆਂ ਵਿੱਚ ਸ਼ਾਮਲ ਹੋਰਾਂ ਵਿਅਕਤੀਆਂ ਨੂੰ ਵੀ ਆਪਣੇ ਘਿਨਾਉਣੇ ਅਤੇ ਗੈਰ-ਮਾਨਵੀ ਕਾਰਿਆਂ ਲਈ ਛੇਤੀ ਹੀ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

VIA PUNJAB