ਫਰਾਂਸ ਦੇ ਰਾਸ਼ਟਰਪਤੀ ਵਲੋਂ ਟੈਕਸ ਘਟਾਉਣ ਅਤੇ ਤਨਖਾਹਾਂ ਵਿੱਚ ਵਾਧੇ ਦਾ ਐਲਾਨ

ਪੈਰਿਸ – ਫਰਾਂਸ ਵਿਚ ਬੀਤੇ ਕਈ ਹਫਤਿਆਂ ਤੋਂ ਚੱਲ ਰਹੇ ‘ਯੇਲੋ ਜੈਕਟ’ ਅੰਦੋਲਨ ਦੇ ਮੱਦੇਨਜ਼ਰ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਈ ਮਹੱਤਵਪੂਰਣ ਐਲਾਨ ਕੀਤੇ ਹਨ| ਟੀ.ਵੀ. ਤੇ ਪ੍ਰਸਾਰਿਤ ਰਾਸ਼ਟਰ ਦੇ ਨਾਮ ਸੰਦੇਸ਼ ਵਿਚ ਰਾਸ਼ਟਰਪਤੀ ਮੈਕਰੋਂ ਨੇ ਤਨਖਾਹ ਵਿਚ ਵਾਧੇ ਅਤੇ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ| ਇਕ ਅੰਗਰੇਜ਼ੀ ਅਖਬਾਰ ਮੁਤਾਬਕ ਮੈਕਰੋਂ ਨੇ ਕਿਹਾ ਕਿ ਅਸੀਂ ਟੈਕਸ ਨੂੰ ਤੇਜ਼ੀ ਨਾਲ ਘੱਟ ਕਰਾਂਗੇ, ਆਪਣੇ ਖਰਚਿਆਂ ਨੂੰ ਕੰਟਰੋਲ ਵਿਚ ਰਖਾਂਗੇ ਪਰ ਯੂ-ਟਰਨ ਨਹੀਂ ਲਵਾਂਗੇ|” ਰਾਸ਼ਟਰਪਤੀ ਮੈਕਰੋਂ ਨੇ ਹਿੰਸਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਿਚ ਕਾਫੀ ਗੁੱਸਾ ਹੈ ਅਤੇ ਇਹ ਕਈ ਤਰ੍ਹਾਂ ਨਾਲ ਜਾਇਜ਼ ਵੀ ਹੈ| ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ 2019 ਤੋਂ ਤਨਖਾਹ ਵਿਚ 100 ਯੂਰੋ ਪ੍ਰਤੀ ਮਹੀਨੇ ਦਾ ਵਾਧਾ ਕੀਤਾ ਜਾਵੇਗਾ| ਘੱਟ ਆਮਦਨ ਵਾਲੇ ਪੈਨਸ਼ਨਰਾਂ ਤੇ ਲਗਾਏ ਟੈਕਸ ਵਾਧੇ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ| ਓਵਰਟਾਈਮ ਆਮਦਨ ਤੇ ਹੁਣ ਟੈਕਸ ਨਹੀਂ ਲੱਗੇਗਾ ਅਤੇ ਮਾਲਕਾਂ ਨੂੰ ਸਾਲ ਦੇ ਅਖੀਰ ਵਿਚ ਟੈਕਸ ਫ੍ਰੀ ਇਕੋ ਵਾਰ ਬੋਨਸ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ| ਭਾਵੇਂਕਿ ਮੈਕਰੋਂ ਨੇ ਦੇਸ਼ ਦੇ ਅਮੀਰਾਂ ਤੇ ਟੈਕਸ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ,”ਇਹ ਸਾਨੂੰ ਕਮਜ਼ੋਰ ਕਰ ਦੇਵੇਗਾ ਅਤੇ ਸਾਨੂੰ ਕਈ ਨੌਕਰੀਆਂ ਪੈਦਾ ਕਰਨ ਦੀ ਲੋੜ ਪਵੇਗੀ|” ਬਾਲਣ ਤੇ ਟੈਕਸ, ਵੱਧਦੀ ਮਹਿੰਗਾਈ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਫਰਾਂਸ ਵਿਚ 4 ਹਫਤਿਆਂ ਤੋਂ ਹਿੰਸਕ ਪ੍ਰਦਰਸ਼ਨਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਰਾਸ਼ਟਰਪਤੀ ਮੈਕਰੋਂ ਨੇ ਸਵੀਕਾਰ ਕੀਤਾ ਕਿ ਬਹੁਤ ਸਾਰੇ ਲੋਕ ਜੀਵਨ ਪੱਧਰ ਨੂੰ ਲੈ ਕੇ ਨਾਖੁਸ਼ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਕਿਹਾ,”ਬੀਤੇ 40 ਸਾਲਾਂ ਤੋਂ ਅਜਿਹੇ ਪਿੰਡਾਂ ਤੇ ਬਸਤੀਆਂ ਵਿਚ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ ਜਿੱਥੇ ਜਨਤਕ ਸੇਵਾਵਾਂ ਖਤਮ ਹੋ ਰਹੀਆਂ ਹਨ ਅਤੇ ਜੀਵਨ ਪੱਧਰ ਖਰਾਬ ਹੋਇਆ ਹੈ|” ਉਨ੍ਹਾਂ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸਮਾਜ ਵਿਚ ਸਹੀ ਥਾਂ ਨਹੀਂ ਮਿਲੀ ਹੈ ਅਤੇ ਅਸੀਂ ਅਜਿਹੇ ਸੰਕੇਤ ਦਿੱਤੇ ਹਨ ਕਿ ਅਸੀਂ ਉਨ੍ਹਾਂ ਨੂੰ ਭੁੱਲ ਗਏ ਹਾਂ|

VIA PUNJAB