ਫਰੀਦਕੋਟ ’ਚ 76672.5 ਮੀਟ੍ਰਿਕ ਟਨ ਝੋਨੇ ਦੀ ਖਰੀਦ

ਫਰੀਦਕੋਟ – ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤਕ 76672.5 ਮੀਟ੍ਰਿਕ ਟਨ ਝੋਨਾ ਖਰੀਦਿਆ ਜਾ ਚੁਕਾ ਹੈ। ਐਤਵਾਰ ਨੂੰ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ 16657.5 ਮੀਟ੍ਰਿਕ ਟਨ ਆਮਦ ਦਰਜ ਕੀਤੀ ਗਈ ਜਿਸ ਵਿਚੋਂ 12933 ਮੀਟ੍ਰਿਕ ਟਨ ਦੀ ਖਰੀਦ ਕਰ ਲਈ ਗਈ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਅਨੁਸਾਰ ਹੁਣ ਤਕ ਮੰਡੀਆਂ ‘ਚ ਸੰਭਾਵਿਤ 93330 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁਕੀ ਹੈ ਪਰੰਤੂ ਕੇਂਦਰ ਸਰਕਾਰ ਵਲੋਂ ਨਿਰਧਾਰਿਤ 17 ਫ਼ੀਸਦੀ ਨਮੀ ਦੀ ਸ਼ਰਤ ਦੇ ਮੁਕਾਬਲੇ ਨਮੀ ਜ਼ਿਆਦਾ ਆਉਣ ਕਾਰਨ ਖਰੀਦ ਪ੍ਰਕਿਰਿਆ ‘ਚ ਕੁਝ ਕੁ ਮੁਸ਼ਕਿਲਾਂ ਬਣ ਰਹੀਆਂ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਨੂੰ ਜਲਦ ਸਮੇਟਣ ਦੀ ਬਜਾਏ ਮੰਡੀਆਂ ‘ਚ ਸੁਕੀ ਫ਼ਸਲ ਹੀ ਲੈ ਕੇ ਆਉਣ ਤਾਂ ਜੋ ਅਗਲੇ ਦਿਨਾਂ ‘ਚ ਗਿਲੀ ਫ਼ਸਲ ਕਾਰਨ ਮੰਡੀਆਂ ‘ਚ ਖਰੀਦ ਕਾਰਜ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅਗ ਨਾ ਲਗਾਈ ਜਾਵੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ।ਉਨ੍ਹਾਂ ਨੇ ਇਸ ਦੇ ਨਾਲ ਹੀ ਕੰਬਾਈਨ ਚਾਲਕਾਂ ਨੂੰ ਵੀ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤਕ ਹੀ ਝੋਨੇ ਦੀ ਵਾਢੀ ਕਰਨ ਲਈ ਆਖਿਆ ਤਾਂ ਜੋ ਤ੍ਰੇਲ ਤੋਂ ਝੋਨੇ ਦਾ ਬਚਾਅ ਹੋ ਸਕੇ ਤੇ ਨਮੀ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵਧ ਨਾ ਸਕੇ।ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਸੁਖਵਿੰਦਰ ਸਿੰਘ ਨੇ ਦਸਿਆ ਕਿ ਮੰਡੀਆਂ ‘ਚ ਝੋਨੇ ਦੀ ਹੁਣ ਤਕ ਹੋਈ ਖਰੀਦ ਦੇ ਅੰਕੜਿਆਂ ਮੁਤਾਬਕ ਪਨਗ੍ਰੇਨ ਨੇ 19684 ਮੀਟ੍ਰਿਕ ਟਨ, ਮਾਰਕਫ਼ੈਡ ਨੇ 24564 ਮੀਟ੍ਰਿਕ ਟਨ, ਪਨਸਪ ਨੇ 23405 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 2727ਮੀਟ੍ਰਿਕ ਟਨ, ਪੰਜਾਬ ਐਗਰੋ 6037. ਐਫ.ਸੀ.ਆਈ 130 ਮੀਟ੍ਰਿਕ ਟਨ ਤੇ ਇਲਾਵਾ ਪ੍ਰਾਈਵੇਟ ਵਪਾਰੀਆਂ ਨੇ 125 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।

VIA PUNJAB