ਬਹਾਦਰੀ ਤੇ ਕੁਰਬਾਨੀ ਦੀਆਂ ਗਾਥਾਵਾਂ ਨਾਲ ਗੂੰਜਿਆ ਚੰਡੀਗੜ ਗੌਲਫ ਕਲੱਬ ਦਾ ਵਿਹੜਾ

ਚੰਡੀਗੜ – ਅੱਜ ਚੰਡੀਗੜ ਗੌਲਫ ਕਲੱਬ ਦਾ ਹਰਾ ਕਚੂਰ ਵਿਹੜਾ ਉਨਾਂ ਬਹਾਦਰੀ ਤੇ ਕੁਰਬਾਨੀਆਂ ਦੀਆਂ ਬੇਮਿਸਾਲ ਗਾਥਾਵਾਂ ਨਾਲ ਸੁਰਜੀਤ ਹੋ ਉੱਠਿਆ, ਜੋ ਭਾਰਤੀ ਸੁਰੱਖਿਆ ਬਲਾਂ ਵੱਲੋਂ ਆਪਣੇ ਸੇਵਾ ਕਾਲ ਦੌਰਾਨ ਕੀਤੀਆਂ ਗਈਆਂ। ਤਿੰਨੋਂ ਸੇਨਾਵਾਂ ਨਾਲ ਸਬੰਧਤ ਤੇ ਵੱਖ ਵੱਖ ਜੰਗਾਂ ਵਿੱਚ ਆਪਣਾ ਲੋਹਾ ਮੰਨਵਾ ਚੁੱਕੇ ਕਰੀਬ 175 ਜਾਂਬਾਜ਼ਾਂ ਤੋਂ ਇਲਾਵਾ ਸਿਵਲ ਸਰਵਿਸਿਜ਼ ਅਧਿਕਾਰੀ ਵੈਟਰਨ ਇਨਵੀਟੇਸ਼ਨਲ ਗੌਲਫ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਚੰਡੀਗੜ ਵਿੱਚ ਇਕੱਤਰ ਹੋਏ। ਇਹ ਟੂਰਨਾਮੈਂਟ 7 ਤੋਂ 9 ਦਸੰਬਰ ਨੂੰ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਲੜੀ ਤਹਿਤ ਕਰਾਇਆ ਜਾ ਰਿਹਾ ਹੈ।ਇਹ ਵਿਸ਼ੇਸ਼ ਸਮਾਗਮ ਬੀਤੇ ਦਿਨ ਬੜੇ ਉਤਸ਼ਾਹ ਨਾਲ ਮੁਕੰਮਲ ਹੋਏ ਸਾਈਕਲੋਥੋਨ ਅਤੇ ਵਿਮੈਨ ਨੇਚਰ ਟਰੇਲ ਰਨ ਤੋਂ ਬਾਅਦ ਅਗਲੇ ਪੜਾਅ ਵਜੋਂ ਦੇਖਿਆ ਜਾ ਸਕਦਾ ਹੈ, ਜੋ ਅਗਲੇ ਮਹੀਨੇ ਆਯੋਜਤ ਹੋਣ ਵਾਲੇ ਵੱਡੇ ਸਮਾਗਮ ਨੂੰ ਬਲ ਦੇਣ ਵਾਲੇ ਮੁਕਾਬਲਿਆਂ ਤੇ ਗਤੀਵਿਧੀਆਂ ਦੀ ਲੜੀ ਦੀ ਇੱਕ ਕੜੀ ਸੀ।ਇਹ ਮਿਲਟਰੀ ਲਿਟਰੇਚਰ ਫੈਸਟੀਵਲ(ਐਮਐਲਐਫ) ਦੀ ਪਹਿਲ ਕਦਮੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸਰਕਾਰ ਅਤੇ ਵੀਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਚੰਡੀਗੜ ਪ੍ਰਸ਼ਾਸਨ ਅਤੇ ਭਾਰਤੀ ਥਲ ਸੈਨਾ ਦੇ ਸਾਂਝੇ ਯਤਨਾ ਦੀ ਉਪਜ ਹੈ।ਇਹ ਮੇਲਾ ਪਹਿਲੀ ਵਿਸ਼ਵ ਜੰਗ ਵਿੱਚ ਭਾਰਤੀ ਯੋਧਿਆਂ ਦੇ ਯੋਗਦਾਨ ‘ਤੇ ਕੇਂਦਰਿਤ ਹੈ । ਇਸ ਮੇਲਾ ਨੂੰ ਉਨਾਂ ਬਹਾਦਰ ਤੇ ਨਿਧੜਕ ਫੌਜੀਆਂ ਦੇ ਜਜ਼ਬਿਆਂ ਉਜਾਗਰ ਕਰਦਾ ਹੈ ਜਿੰਨਾਂ ਨੇ ਰਣ ਭੂਮੀ ਵਿੱਚ ਆਪਣਾ ਲਹੂ ਡੋਲਕੇ ਦੇਸ਼ ਦੀ ਰਾਖੀ ਕੀਤੀ ਅਤੇ ਮਿਲਟਰੀ ਦੇ ਅਮੀਰ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ।ਪੂਰੇ ਦੇਸ਼ ਵਿੱਚੋਂ ਜੰਗ ਦੇ ਬਹਾਦਰਾਂ ਨੂੰ ਇਸ ਗੌਲਫ ਟੂਰਨਾਮੈਂਟ ਵਿੱਚ ਸੱਦਾ ਦਿੱਤਾ ਗਿਆ ਤਾਂ ਜੋ ਉਹ ਸਭ ਇਕੱਠੇ ਹੋ ਕੇ ਆਪਣੇ ਸੇਵਾ ਕਾਲ ਦੌਰਾਨ ਹੰਢਾਈਆਂ ਮੁਸ਼ਕਿਲਾਂ ਤੇ ਕੁਰਬਾਨੀਆਂ ਨੂੰ ਸਾਂਝਾ ਕਰ ਸਕਣ ਅਤੇ ਨਾਲ ਹੀ ਆਪਣੀਆਂ ਵੀਰ ਗਾਥਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆਉਣ।ਇਸ ਦੌਰਾਨ ਸੱਦੇ ਵੱਖ ਵੱਖ ਮਹਿਮਾਨਾਂ ਵਿੱਚ ਜੰਗੀ ਇਤਿਹਾਸਕਾਰ, ਲੇਖਕ, ਵਿਦਵਾਨ ਅਤੇ ਸੁਰੱਖਿਆ ਮਾਹਿਰ ਸ਼ਾਮਲ ਜੋ ਮੁੱਖ ਸਮਾਗਮ ਦੌਰਾਨ ਹੋਣ ਵਾਲੀ ਵਿਸ਼ੇਸ਼ ਵਿਚਾਰ ਚਰਚਾ ਵਿੱਚ ਮਿਲਟਰੀ ਦੇ ਨਾਇਕਾਂ ਵੱਲੋਂ ਜੰਗ ਦੌਰਾਨ ਝੱਲੇ ਔਖੇ ਸਮੇਂ ਤੇ ਬਹਾਦਰੀ ਦੇ ਕਿੱਸੇ ਅਤੇ ਹੋਰ ਪੱਖਾਂ ਸਬੰਧੀ ਜਾਣਕਾਰੀ ਦੇਣਗੇ।ਇਸ ਤੋਂ ਪਹਿਲਾਂ 1971 ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਜਿੰਨਾਂ ਦਾ ਸ਼ਨਿੱਚਰਵਾਰ ਨੂੰ ਦੇਹਾਂਤ ਹੋ ਗਿਆ ਸੀ।ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਰਿਬਨ ਕੱਟ ਕੇ ਸਮਾਰੋਹ ਦਾ ਉਦਘਾਟਨ ਕੀਤਾ। ਐਮਐਲਐਫ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਮਾਹੌਲ ਰਿਟਾਇਰਡ ਡਿਫੈਂਸ ਅਫ਼ਸਰਾਂ ਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਅਤੇ ਕੁਝ ਬਿਹਤਰੀਨ ਪਲ ਸਾਂਝੇ ਕਰਨ ਵਿੱਚ ਮਦਦਗ਼ਾਰ ਸਾਬਿਤ ਹੁੰਦੇ ਹਨ । ਉਨਾਂ ਐਮਐਲਐਫ ਨੂੰ ਅਜਿਹੇ ਪ੍ਰੋਗਰਾਮ ਨਿਯਮਤ ਰੂਪ ‘ਚ ਕਰਵਾਉਣ ਲਈ ਕਿਹਾ ਤਾਂ ਜੋ ਫੌਜੀਆਂ ਦਰਮਿਆਨ ਦੋਸਤੀ ਤੇ ਭਾਈਚਾਰਾ ਫਲਦਾ ਰਹੇ।ਬ੍ਰਿਗੇਡੀਅਰ ਸੁਰਿੰਦਰ ਸਿੰਘ ਨੂੰ 80 ਸਾਲ ਤੋਂ ਵੱਧ ਦੇ ਵਰਗ ਵਿੱਚ ਜੇਤੂ ਕਰਾਰ ਦਿੱਤਾ ਗਿਆ ਜਦਕਿ ਮੇਜਰ ਜਨਰਲ ਬੀ ਐਸ ਰਾਠੀ 75 ਸਾਲ ਤੋਂ ਵੱਧ ਵਾਲੇ ਵਰਗ ਵਿੱਚ ਜੇਤੂ ਰਹੇ। 18 ਹੋਲ ਬਰੈਕਟ ਵਿੱਚ ਬਲਵੰਤ ਬਰਾੜ ਨੇ ਬਾਜ਼ੀ ਮਾਰੀ ਅਤੇ ਕਰਨਲ ਏਐਸ ਬਾਜਵਾ, ਦਰਵੇਸ਼ ਕੁਮਾਰ ਤੇ ਕਰਨਲ ਪੈਗਿੰਗ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਬ੍ਰਿਗ: ਸੁਖਦੇਵ ਸਿੰਘ ਨੂੰ ਸਟ੍ਰੇਟੈਸਟ ਡਰਾਈਵ ਕੈਟਗਰੀ ਵਿੱਚ ਅਤੇ ਬ੍ਰਿਗ: ਐਚ ਐਸ ਬਾਠ ਨੂੰ ‘ਨਿਅਰੈਸਟ ਟੂ ਪਿਨ’ ਕੈਟਾਗਰੀ ਵਿੱਚ ਜੇਤੂ ਕਰਾਰ ਦਿੱਤਾ ਗਿਆ।ਇਹ ਸਮਾਰੋਹ ਚੰਡੀਗੜ ਵਿੱਚ ਹੋਣ ਵਾਲੇ ਕਈ ਹੋਰ ਸਮਾਗਮਾਂ ਜਿਵੇਂ 24 ਨਵੰਬਰ ਨੂੰ ਬਰਡਿੰਗ ਰੈਲੀ, 3 ਦਸੰਬਰ ਨੂੰ ਗੌਲਫ ਟੂਰਨਾਮੈਂਟ ਦਾ ਇੱਕ ਹੋਰ ਰਾਊਂਡ, 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੇ ਪੈਰਾ ਮੋਟਰ ਡਿਸਪਲੇ , 30 ਨਵੰਬਰ ਨੂੰ ਹੋਣ ਵਾਲੇ ਏਅਰ ਫੋਰਸ ਡਿਸਪਲੇ ਤੇ ਸਕਾਈ ਡਾਈਵਿੰਗ ਡਿਸਪਲੇਅ , 30 ਨਵੰਬਰ ਤੇ 1 ਦਸੰਬਰ ਨੂੰ ਇਕਉਈਟੇਸ਼ਨ ਟੈਟੂ ਐਂਡ ਸਾਰਾਗੜੀ ਲਾਈਟ ਐਂਡ ਸਾਊਂਡ ਸ਼ੋਅ, 30 ਨਵੰਬਰ ਅਤੇ 1 ਦਸੰਬਰ ਨੂੰ ਹੀ ਮਿਲਟਰੀ ਇਕੁਇਪਮੈਂਟ ਡਿਸਪਲੇਅ ਅਤੇ 2 ਦਸੰਬਰ ਨੂੰ ਹੋਣ ਵਾਲੇ ਬਰੇਵਹਾਰਟਸ ਰਾਈਡ ਵਰਗੇ ਸਮਾਗਮਾਂ ਦੀ ਕੜੀ ਵਜੋਂ ਆਯੋਜਤ ਕੀਤਾ ਗਿਆ।

VIA PUNJAB