ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵਲੋਂ ਧਰਨਾ

ਐਸ.ਏ.ਐਸ.ਨਗਰ – ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵਲੋਂ ਫੇਜ਼ 7 ਦੇ ਪਾਰਕ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ| ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਿੱਚ ਸਾਲ 2006 ਤੋਂ ਲੰਬੇ ਸਮੇਂ ਮਗਰੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਦਸੰਬਰ 2016 ਵਿੱਚ 1263 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਹੋਇਆ ਸੀ, ਜਿੰਨ੍ਹਾ ਦੀ ਭਰਤੀ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਹੈ| ਇਸ ਭਰਤੀ ਸੰਬਧੀ ਦਸੰਬਰ 2016 ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚ ਤਕਰੀਬਨ 5000 ਉਮੀਦਵਾਰ ਬੈਠੇ ਸਨ ਅਤੇ ਇਸ ਤਰ੍ਹਾ ਅੰਦਾਜ਼ਨ 3800 ਕਰੀਬ ਬੇਰੁਜ਼ਗਾਰ ਬਾਕੀ ਬਚਦੇ ਹਨ| ਇਸਤੋਂ ਇਲਾਵਾ 700 ਦੇ ਕਰੀਬ ਉਹ ਉਮੀਦਵਾਰ ਵੀ ਹਨ, ਜਿਹੜੇ ਸਾਲ 2016 ਵਿੱਚ ਭਰਤੀ ਮੌਕੇ ਅਪਲਾਈ ਨਹੀ ਕਰ ਸਕੇ, ਇਸ਼ਤਿਹਾਰ ਜਾਰੀ ਹੋਣ ਅਤੇ ਅਪਲਾਈ ਕਰਨ ਦੇ ਵਿਚਕਾਰ ਬਹੁਤ ਥੋੜ੍ਹੇ ਦਿਨਾਂ ਦਾ ਸਮਾਂ ਸੀ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਵਰਕਰ ਮੇਲ ਦਾ ਕੋਰਸ ਸਾਲ 2012 ਤੋਂ ਬੰਦ ਹੋ ਚੁੱਕਾ ਹੈ ਅਤੇ ਕਾਫੀ ਉਮੀਦਵਾਰ ਪਿਛਲੇ ਇਸ਼ਤਿਹਾਰ ਮੌਕੇ ਉਵਰ-ਏਜ਼ ਹੋ ਚੁੱਕੇ ਸਨ, ਅਤੇ ਹੁਣ ਕਰੀਬ ਸਾਢੇ ਤਿੰਨ ਸਾਲ ਦਾ ਸਮਾਂ ਬੀਤਣ ਮਗਰੋਂ ਹੋਰ ਵੀ ਕਾਫੀ ਉਮੀਦਵਾਰ ਉਵਰ-ਏਜ਼ ਹੋ ਚੁੱਕੇ ਹਨ| ਉਹਨਾ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਸਿਹਤ ਵਰਕਰ ਮੇਲ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਨਵੇਂ ਸਿਰੇ ਤੋਂ ਤੁਰੰਤ ਜਾਰੀ ਕੀਤਾ ਜਾਵੇ ਅਤੇ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਘੱਟੋ-ਘੱਟ ਚਾਰ ਸਾਲ ਦੀ ਛੋਟ ਦਿੱਤੀ ਜਾਵੇ ਤਾਂ ਜੋ ਸਾਰੇ ਉਮੀਦਵਾਰਾਂ ਨੂੰ ਦੁਬਾਰਾ ਅਪਲਾਈ ਕਰਨ ਦਾ ਮੌਕਾ ਮਿਲ ਸਕੇ| ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾ ਦੀ ਅਗਵਾਈ ਵਿੱਚ ਮੈਂਬਰਾਂ ਦਾ ਇੱਕ ਵਫਦ ਕੈਬਿਨੇਟ ਮੰਤਰੀ ਸ੍ਰ.ਬਲਬੀਰ ਸਿੰਘ ਸਿੱਧੂ ਨੂੰ ਮਿਲਣ ਲਈ ਗਿਆ ਅਤੇ ਕੈਬਿਨੇਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਸਿਹਤ ਵਿਭਾਗ ਦੇ ਸੱਕਤਰ ਸ੍ਰੀ ਸਤੀਸ਼ ਚੰਦਰਾ ਨਾਲ ਵਿਚਾਰ ਵਟਾਂਦਰਾ ਕਰਕੇ ਅਤੇ ਖਾਲੀ ਪੋਸਟਾਂ ਦੀ ਡਿਟੇਲ ਲੈਕੇ ਦੁਬਾਰਾ ਇਸ਼ਤਿਹਾਰ ਜਾਰੀ ਕਰਵਾਉਣਗੇ| ਮੰਤਰੀ ਨੂੰ ਮਿਲਣ ਗਏ ਵਫਦ ਵਿੱਚ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਤਰਲੋਚਨ ਸਿੰਘ, ਸੁਖਦੇਵ ਸਿੰਘ, ਪਪੂ ਬਲਿਆਂ ਵਾਲੀ, ਜਸਮੇਲ ਅਤੇ ਸੋਨੀ ਪਾਇਲ ਸ਼ਾਮਿਲ ਸਨ|

VIA PUNJAB