ਬੇਸਹਾਰਾ ਬੱਚਿਆ ਲਈ ਚਾਨਣ ਮੁਨਾਰਾ ਬਣਿਆ ਸਪੋਰਟਸ ਅਕੈਡਮੀ ਦਾ ਸਿਖਿਆਰਥੀ ਰੋਹਿਤ

ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਤੋਂ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਦਾ ਸਫਰ।

ਸ੍ਰੀ ਅਨੰਦਪੁਰ ਸਾਹਿਬ – ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਵਿਚ ਫੁਟਬਾਲ ਦੀ ਕੋਚਿੰਗ ਲਈ ਚੁਣਿਆ ਗਿਆ ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਵਿਚ ਪਲ ਕੇ ਵੱਡਾ ਹੋਇਆ ਰੋਹਿਤ ਬੇਸਹਾਰਾ ਬੱਚਿਆ ਲਈ ਇਕ ਪ੍ਰੇਰਣਾ ਸਰੋਤ ਬਣ ਰਿਹਾ ਹੈ। ਉਸਦਾ ਪਾਲਣ ਪੋਸ਼ਣ ਭਾਵੇਂ ਅਨਾਥ ਆਸ਼ਰਮ ਵਿਚ ਹੋਇਆ ਹੈ ਪਰ ਉਸਦੀ ਫੁਟਬਾਲ ਖੇਡਣ ਦੀ ਰੁਚੀ ਨੇ ਉਸਨੂੰ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਦੇ 14 ਸਾਲਾਂ ਤੋ ਘੱਟ ਉਮਰ ਦੇ 30 ਸਿਖਿਆਰਥੀਆਂ ਵਿਚ ਸ਼ਾਮਿਲ ਕਰ ਦਿੱਤਾ ਹੈ। ਜਿਹਨਾਂ ਲਈ ਪੰਜਾਬ ਸਰਕਾਰ ਵਲੋਂ ਅਕੈਡਮੀ ਵਿਚ ਸਿਖਲਾਈ, ਖਾਣਾ ਅਤੇ ਰਿਹਾਇਸ਼ ਦੇ ਮੁਫਤ ਪ੍ਰਬੰਧ ਕੀਤੇ ਗਏ ਹਨ। ਰੋਹਿਤ ਦੀ ਸਿੱਖਿਆ ਲਈ ਉਸਦਾ ਦਾਖਲਾ ਅੱਠਵੀ ਜਮਾਤ ਵਿਚ ਸਥਾਨਕ ਸਰਸਵਤੀ ਮਾਡਲ ਸਕੂਲ ਵਿਚ ਹੋ ਗਿਆ ਹੈ। ਜਿਥੇ ਉਹ ਆਪਣੀ ਖੇਡ ਸਿਖਲਾਈ ਦੇ ਨਾਲ-ਨਾਲ ਅੱਠਵੀਂ ਦੀ ਵਿਦਿਆ ਵੀ ਹਾਸਿਲ ਕਰ ਰਿਹਾ ਹੈ।
ਰੋਹਿਤ ਦਾ ਜਨਮ 10-1-2005 ਨੂੰ ਹੋਇਆ ਅਤੇ ਉਹ 9-9-2013 ਨੂੰ ਅਨੰਤ ਅਨਾਥ ਆਸ਼ਰਮ ਨਥਾਣਾ, ਬਠਿੰਡਾ ਪਹੁੰਚ ਗਿਆ। ਜਿਥੋਂ ਦੇ ਪ੍ਰਬੰਧਕਾਂ ਨੇ ਵੱਖ-ਵੱਖ ਰਾਜਾਂ ਵਿੱਚ ਉਸਦੇ ਪਰਿਵਾਰ ਦੀ ਭਾਲ ਕਰਨ ਵਿੱਚ ਅਸਮਰੱਥ ਰਹਿਣ ਉਪਰੰਤ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਰੋਹਿਤ ਨੂੰ ਆਪਣੇ ਆਸ਼ਰਮ ਵਿਚ ਲੈ ਆਉਦਾ। ਉਹ ਬਚਪਨ ਤੋਂ ਫੁੱਟਬਾਲ ਦਾ ਆਪਣੀ ਉਮਰ ਦਾ ਇਕ ਚੰਗਾ ਖਿਡਾਰੀ ਹੈ। ਪੰਜਾਬ ਸਰਕਾਰ ਦੀ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਦੀ ਫੁੱਟਬਾਲ ਦੇ ਖਿਡਾਰੀਆਂ ਦੀ ਚੋਣ ਵਿਚ ਉਹ ਬਹੁਤ ਸਾਰੇ ਆਪਣੇ ਹਮ ਉਮਰ ਬੱਚਿਆ ਨੂੰ ਪਛਾੜ ਕੇ 14 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆ ਵਿਚ ਚੁਣਿਆ ਗਿਆ ਅਤੇ 5-5-2018 ਨੂੰ ਉਹ ਇਸ ਅਕੈਡਮੀ ਵਿਚ ਆ ਗਿਆ। ਉਸਨੂੰ ਅਕੈਡਮੀ ਵਿਚ ਲਿਆਉਣ ਦੀ ਪ੍ਰੇਰਣਾ ਨਥਾਣਾਂ ਦੇ ਸੰਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਨੇ ਦਿੱਤੀ ਜੋ ਖੁੱਦ ਅਕੈਡਮੀ ਵਿਚ ਸਿਖਲਾਈ ਪ੍ਰਾਪਤ ਕਰ ਰਿਹਾ ਹੈ। ਰੋਹਿਤ ਦੇ ਕੋਚ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ 14 ਸਾਲ ਤੋ ਘੱਟ ਉਮਰ ਦੇ 30 ਬੱਚਿਆ ਸਮੇਤ ਕੁੱਲ 50 ਬੱਚਿਆ ਨੂੰ ਇਸ ਅਕੈਡਮੀ ਵਿਚ ਫੁੱਟਬਾਲ ਦੀ ਕੋਚਿੰਗ ਦੇ ਰਹੇ ਹਨ। ਰੋਹਿਤ ਦੀ ਕਾਰਗੁਜਾਰੀ ਤੋ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਫੁੱਟਬਾਲ ਦਾ ਇਕ ਬਹੁਤ ਹੀ ਵਧੀਆ ਖਿਡਾਰੀ ਬਣੇਗਾ ਅਤੇ ਜਿਸ ਤਰ੍ਹਾਂ ਇਸ ਅਕੈਡਮੀ ਦੇ ਹੋਰ ਕਈ ਸਿਖਿਆਰਥੀਆਂ ਨੇ ਦੇਸ਼ ਵਿਚ ਆਪਣੀ ਖੇਡ ਦੀ ਪ੍ਰਤਿਭਾ ਦੀ ਸ਼ਾਖ ਛੱਡੀ ਹੈ ਉਸ ਤਰ੍ਹਾਂ ਦੀ ਕਾਰਗੁਜਾਰੀ ਰੋਹਿਤ ਵੀ ਵਿਖਾਵੇਗਾ।ਅਨੰਤ ਅਨਾਥ ਆਸ਼ਰਮ ਨਥਾਣਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਰੋਹਿਤ ਨੇ ਆਸ਼ਰਮ ਵਿਚ ਰਹਿੰਦੇ ਹੋਏ ਫੁੱਟਬਾਲ ਵਿਚ ਆਪਣੀ ਰੁਚੀ ਵਿਖਾਈ ਅਤੇ ਅਸੀਂ ਉਸਦੇ ਇਸ ਖੇਡ ਪ੍ਰੇਮ ਅਤੇ ਹੁੱਨਰ ਨੂੰ ਹੋਰ ਨਿਖਾਰਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਰੋਹਿਤ ਨੂੰ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀਆਂ ਨਾਲ ਵੀ ਮਿਲਾਇਆ ਗਿਆ ਹੈ। ਉਸਦੀ ਘੱਟ ਉਮਰ ਹੋਣ ਕਾਰਨ ਉਸਨੂੰ ਕਾਨੂੰਨੀ ਤੋਰ ਤੇ (ਲੀਗਲ ਅਡਾਪਸ਼ਨ) ਗੋਦ ਲੈਂਣ ਦੇ ਯੋਗ ਵੀ ਐਲਾਨਿਆ ਗਿਆ ਹੈ। ਉਸਨੂੰ ਕੋਈ ਵੀ ਬੇਅੋਲਾਦ ਜਾਂ ਯੋਗ ਪਰਿਵਾਰ ਗੋਦ ਲੈ ਸਕਦਾ ਹੈ ਜਿਸ ਨਾਲ ਉਸਦੀ ਪ੍ਰਤਿਭਾ ਨੂੰ ਨਿਖਾਰਣ ਦੇ ਢੁਕਵੇਂ ਮੌਕੇ ਪੈਦਾ ਹੋ ਸਕਦੇ ਹਨ ਅਤੇ ਰੋਹਿਤ ਨੂੰ ਆਪਣੇ ਪਰਿਵਾਰ ਦਾ ਸੁੱਖ ਮਿਲ ਸਕਦਾ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਚੱਲ ਰਹੀ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਵਿਚ ਸਿਖਲਾਈ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵਿਦਿਅਕ ਯੋਗਤਾ ਦੇ ਨਾਲ ਨਾਲ ਖੇਡਾ ਦੇ ਪ੍ਰਤੀ ਸਿਖਲਾਈ, ਖਾਣਾ ਅਤੇ ਰਿਹਾਇਸ਼ ਦੇ ਮੁਫਤ ਪ੍ਰਬੰਧ ਕਰਕੇ ਪੰਜਾਬ ਸਰਕਾਰ ਨੇ ਆਪਣਾ ਫਰਜ਼ ਬਾਖੁਬੀ ਨਿਭਾਇਆ ਗਿਆ ਹੈ। ਮੋਜੂਦਾ ਸਮੇਂ ਲੋੜ ਇਸ ਗੱਲ ਦੀ ਹੈ ਕਿ ਕੋਈ ਲੋੜਵੰਦ ਪਰਿਵਾਰ ਰੋਹਿਤ ਵੱਲ ਮਦਦ ਦਾ ਹੱਥ ਵਧਾਵੇ ਅਤੇ ਕਾਨੂੰਨੀ ਪ੍ਰਕਿਰਿਆ ਰਾਹੀ ਉਸਨੂੰ ਗੋਦ ਲੈ ਕੇ ਉਸ ਦੇ ਸਿਰ ਉਤੇ ਆਪਣਾ ਹੱਥ ਰੱਖੇ। ਸੰਭਵ ਹੈ ਕਿ ਜਿਸ ਪਰਿਵਾਰ ਦਾ ਇਹ ਪੁੱਤਰ ਬਣੇਗਾ ਅਗਲੇ ਦਿਨਾਂ ਵਿਚ ਉਸ ਪਰਿਵਾਰ ਦਾ ਨਾਮ ਸੰਸਾਰ ਭਰ ਵਿਚ ਚਮਕੇਗਾ।

VIA PUNJAB