ਭਾਰਤੀ ਕਪਤਾਨਾਂ ਵਿਚੋਂ ਕੋਹਲੀ ਸਿਖ਼ਰ ਉੱਤੇ ਪੁੱਜਣ ਦੇ ਨੇੜੇ

ਨਵੀਂ ਦਿੱਲੀ – ਵਿਰਾਟ ਕੋਹਲੀ ਨੂੰ ਭਾਰਤ ਦਾ ਸਭ ਤੋਂ ਸਫ਼ਲ ਕਪਤਾਨ ਬਣਨ ਲਈ ਹੁਣ ਸਿਰਫ ਤਿੰਨ ਜਿੱਤਾਂ ਦੀ ਲੋੜ ਹੈ। ਜੇ ਆਸਟਰੇਲੀਆ ਦੇ ਵਿਰੁੱਧ ਮੌਜੂਦਾ ਲੜੀ ਵਿਚ ਟੀਮ ਕਲੀਨ ਸਵੀਪ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਉਹ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਕੇ ਕਪਤਾਨੀ ਵਿਚ ਵੀ ਸਿਖ਼ਰ ਉੱਤੇ ਪੁੱਜ ਜਾਵੇਗਾ। ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਕੋਹਲੀ ਦੀ ਅਗਵਾਈ ਵਿਚ ਭਾਰਤ ਨੇ ਹੁਣ ਤੱਕ 43 ਟੈਸਟ ਮੈਚ ਖੇਡੇ ਹਨ। ਇਨ੍ਹਾਂ ਵਿਚੋਂ 25 ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ। ਬਾਕੀ ਮੈਚਾਂ ਵਿਚੋਂ ਭਾਰਤ ਨੂੰ 9 ਵਿਚ ਹਾਰ ਮਿਲੀ ਹੈ। ਏਨੇ ਹੀ ਮੈਚ ਡਰਾਅ ਰਹੇ ਹਨ। ਇਸ ਸਮੇਂ ਮਹਿੰਦਰ ਸਿੰਘ ਧੋਨੀ ਭਾਰਤ ਦਾ ਸਭ ਤੋਂ ਸਫਲ ਕਪਤਾਨ ਹੈ। ਕੋਹਲੀ ਨੂੰ ਉਸ ਦੀ ਬਰਾਬਰੀ ਰਕਨ ਦੇ ਲਈ ਸਿਰਫ਼ ਦੋ ਜਿੱਤਾਂ ਦੀ ਲੋੜ ਹੈ। ਐਡੀਲੇਡ ਟੈਸਟ ਜਿੱਤ ਕੇ ਭਾਰਤੀ ਟੀਮ ਨੇ ਆਸਟਰੇਲੀਆ ਵਿਰੁੱਧ ਚਾਰ ਮੈਚਾਂ ਦੀ ਲੜੀ ਵਿਚ ਸ਼ਾਨਦਾਰ ਆਗਾਜ਼ ਕੀਤਾ ਹੈ। ਇਸ ਦੇ ਨਾਲ ਹੀ ਉਸ ਦੀਆਂ ਆਸਟਰੇਲੀਆ ਦੀ ਧਰਤੀ ਉੱਤੇ ਲੜੀ ਜਿੱਤਣ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ। ਕੋਹਲੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਸਭ ਤੋਂ ਵੱਧ ਮੈਚ ਜਿੱਤਣ ਵਾਲੇ ਭਾਰਤੀ ਕਪਤਾਨ ਬਣ ਸਕੇ ਹਨ। ਅਜੇ ਇਹ ਰਿਕਾਰਡ ਸੌਰਵ ਗਾਂਗੁਲੀ ਦੇ ਨਾਂਅ ਹੈ। ਉਸ ਦੀ ਅਗਵਾਈ ਵਿਚ ਭਾਰਤ ਨੇ ਵਿਦੇਸ਼ੀ ਧਰਤੀ ਉੱਤੇ ਸਭ ਤੋਂ ਵੱਧ 11 ਟੈਸਟ ਮੈਚ ਜਿੱਤੇ ਹਨ ਜਦੋਂ ਕਿ ਕੋਹਲੀ ਦਸ ਮੈਚ ਜਿੱਤ ਕੇ ਇਸ ਸੂਚੀ ਵਿਚ ਦੂਜੇ ਸਥਾਨ ਉੱਤੇ ਹੈ।

VIA PUNJAB