ਭਾਰਤੀ ਫੌਜ ਘੁਸਪੈਠ ਦਾ ਮੂੰਹ-ਤੋੜ ਜਵਾਬ ਦੇਵੇਗੀ : ਜਨਰਲ ਰਾਵਤ

ਐਲ.ਓ.ਸੀ. ਉਪਰ ਫਾਇਰਿੰਗ ਦੌਰਾਨ ਸਹਾਇਕ ਕਮਾਂਡੈਂਟ ਸ਼ਹੀਦ

ਨਵੀਂ ਦਿਲੀ – ਸੈਨਾ ਦਿਵਸ ਮੌਕੇ ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅਤਵਾਦੀ ਗਤੀਵਿਧੀਆਂ ’ਤੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿਤੀ ਹੈ। ਦਿਲੀ ’ਚ ਫੌਜ ਮੁਖੀ ਰਾਵਤ ਨੇ ਕਿਹਾ ਕਿ ਸਰਹਦ ਪਾਰੋਂ ਹੋਣ ਵਾਲੀ ਹਰ ਤਰ੍ਹਾਂ ਦੀ ਘੁਸਪੈਠ ਦਾ ਸਾਡੀ ਫੌਜ ਮੂੰਹ-ਤੋੜ ਜਵਾਬ ਦੇ ਰਹੀ ਹੈ ਅਤੇ ਦਿੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪਛਮੀ ਸਰਹਦ ਤੋਂ ਹੋਣ ਵਾਲੀਆਂ ਅਤਵਾਦੀ ਗਤੀਵਿਧੀਆਂ ਨੂੰ ਗੁਆਂਢੀ ਦੇਸ਼ ਸਮਰਥਨ ਦੇ ਰਿਹਾ ਹੈ ਅਤੇ ਅਸੀਂ ਉਸ ਨਾਲ ਪ੍ਰਭਾਵੀ ਤਰੀਕੇ ਨਾਲ ਨਜਿਠ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਵੇਲੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ, ਇਥੋਂ ਤਕ ਕਿ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ।ਇਸ ਦੌਰਾਨ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਐਲ.ਓ.ਸੀ. ਨੇੜੇ ਭਾਰਤੀ ਅਤੇ ਪਾਕਿਸਤਾਨੀ ਸੈਨਾਵਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ। ਲੈਫਟੀਨੈਂਟ ਕਰਨਲ ਦਵਿੰਦਰ ਅਨੰਦ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਸਵੇਰੇ 10 ਵਜੇ ਛੋਟੇ ਅਤੇ ਵੱਡੇ ਹਥਿਆਰਾਂ ਨਾਲ ਸੁੰਦਰਬਨੀ ਸੈਕਟਰ ’ਚ ਜੰਗਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਇਸ ਦਾ ਮਜ਼ਬੂਤੀ ਨਾਲ ਮੂਹੰਤੋੜ ਜਵਾਬ ਦੇ ਰਹੀ ਹੈ। ਕਠੂਆ ਦੇ ਹੀਰਾਪੁਰ ਸੈਕਟਰ ’ਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ’ਚ ਅਸਿਸਟੈਂਟ ਕਮਾਂਡੈਂਟ ਵਿਨੇ ਪ੍ਰਸਾਦ ਸ਼ਹੀਦ ਹੋ ਗਏ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਰੱਖਿਆ ਬਲਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਸੀ। ਸਾਂਝੀ ਸੁਰੱਖਿਆ ਟੀਮ ਨੇ ਬਾਂਦੀਪੋਰਾ ਤੋਂ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਸਰਫਰਾਜ਼ ਅਹਿਮਦ ਸ਼ੀਰ ਨੂੰ ਗ੍ਰਿਫਤਾਰ ਕੀਤਾ। ਉਸ ਪਾਸੋਂ ਕਾਫੀ ਮਾਤਰਾ ’ਚ ਹਥਿਆਰ ਵੀ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ ਅੱਤਵਾਦੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਅਕਤੂਬਰ 2014 ਤੋਂ ਹਿਜਬੁਲ ਦੇ ਅੱਤਵਾਦੀ ਮੁਸ਼ਤਾਕ ਸ਼ੀਰ ਅਤੇ ਅਬੁ ਇਸਮਾਈਲ ਦੇ ਨਾਲ ਮਿਲ ਕੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਸੀ।

VIA PUNJAB