ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲਗਾਤਾਰ ਪੰਜਵੇਂ ਟੀ20 ਵਿਚ ਮਿਲੀ ਹਾਰ

ਗੁਹਾਟੀ – ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੁਕਾਬਲੇ ਵਿਚ ਇੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 41 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਦਿੱਤੀ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਪਹਿਲੀ ਵਾਰ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਹੀ ਬਣਾ ਸਕੀ।ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਟੈਮੀ ਬਿਊਮੌਂਟ ਨੇ 57 ਗੇਂਦਾਂ ਵਿਚ ਸਭ ਤੋਂ ਵੱਧ 62 ਦੌੜਾਂ ਬਣਾਈਆਂ ਜਦਕਿ ਕਪਤਾਨ ਹੀਥਰ ਨਾਈਟ ਨੇ 20 ਗੇਂਦਾਂ ਵਿਚ 40 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਦੀ ਮਦਦ ਨਾਲ ਉਨ੍ਹਾਂ ਚਾਰ ਵਿਕਟ ਗੁਆ ਕੇ 160 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਟੀ20 ਵਰਗ ਵਿਚ ਇਹ ਲਗਾਤਾਰ ਪੰਜਵੀਂ ਹਾਰ ਹੈ। ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕੋਚ ਡਬਲਿਊ ਵੀ. ਰਮਨ ਦੀ ਟੀਮ ਨੂੰ ਅਗਲੇ ਵਰ੍ਹੇ ਆਸਟਰੇਲੀਆ ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਕਾਫ਼ੀ ਮਿਹਨਤ ਕਰਨੀ ਪਏਗੀ।ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੌਰੇ ’ਤੇ ਵੀ ਇਕ ਰੋਜ਼ਾ ਲੜੀ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ20 ਲੜੀ ਵਿਚ ਇਕ ਵੀ ਮੈਚ ਨਹੀਂ ਜਿੱਤਿਆ ਸੀ। ਇੰਗਲੈਂਡ ਖ਼ਿਲਾਫ਼ ਲੜੀ ਵੀ ਉਸੇ ਪਾਸੇ ਅੱਗੇ ਵਧਦੀ ਨਜ਼ਰ ਆ ਰਹੀ ਹੈ। ਦੂਜਾ ਟੀ20 ਮੁਕਾਬਲਾ ਵੀਰਵਾਰ ਨੂੰ ਖੇਡਿਆ ਜਾਵੇਗਾ। ਟੀ20 ਵਿਚ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਕਪਤਾਨੀ ਕਰਨ ਵਾਲੀ 22 ਸਾਲ ਦੀ ਮੰਧਾਨਾ ਨੇ ਮੈਚ ਤੋਂ ਬਾਅਦ ਕਿਹਾ ਕਿ ਆਖ਼ਰੀ ਓਵਰਾਂ ਵਿਚ ਭਾਰਤ ਨੂੰ ਸਟੀਕ ਗੇਂਦਬਾਜ਼ੀ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਆਖ਼ਰੀ ਓਵਰ ਵਿਚ ਟੀਮ ਨੇ 10-15 ਦੌੜਾਂ ਜ਼ਿਆਦਾ ਦੇ ਦਿੱਤੀਆਂ।

VIA PUNJAB