ਭਾਰਤ ਅਮਰੀਕਾ ਤੋਂ ਖਰੀਦੇਗਾ 73 ਹਜ਼ਾਰ ਅਸਾਲਟ ਰਾਈਫਲਾਂ

ਰੱਖਿਆ ਮੰਤਰਾਲੇ ਨੇ ਪੈਦਲ ਸੈਨਾ ਦੇ ਆਧੁਨਿਕੀਕਰਨ ਲਈ ਅਹਿਮ ਕਦਮ ਚੁੱਕਦਿਆਂ ਅਮਰੀਕਾ ਤੋਂ ਕਰੀਬ 73 ਹਜ਼ਾਰ ਅਸਾਲਟ ਰਾਈਫਲਾਂ ਖਰੀਦਣ ਦੇ ਸੈਨਾ ਦੀ ਲੰਮੇ ਸਮੇਂ ਤੋਂ ਰਾਖਵੀਂ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਐੱਸਆਈਜੀ ਸੌਇਰ ਰਾਈਫਲਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੀ ਵਰਤੋਂ ਚੀਨ ਨਾਲ ਲੱਗਦੀ ਕਰੀਬ 3600 ਕਿਲੋਮੀਟਰ ਲੰਮੀ ਸਰਹੱਦ ’ਤੇ ਤਾਇਨਾਤ ਜਵਾਨ ਕਰਨਗੇ। ਉਨ੍ਹਾਂ ਦੱਸਿਆ ਕਿ ਅਮਰੀਕੀ ਦਸਤਿਆਂ ਦੇ ਨਾਲ ਨਾਲ ਕਈ ਹੋਰ ਯੂਰੋਪੀ ਦੇਸ਼ ਵੀ ਇਹ ਰਾਈਫਲਾਂ ਵਰਤ ਰਹੇ ਹਨ। ਇਸ ਸੌਦੇ ’ਚ ਸ਼ਾਮਲ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਇਸ ਸਬੰਧੀ ਇਕਰਾਰ ਇੱਕ ਹਫ਼ਤੇ ਅੰਦਰ ਤੈਅ ਹੋਣ ਦੀ ਆਸ ਹੈ। ਅਮਰੀਕੀ ਕੰਪਨੀ ਨੂੰ ਸੌਦਾ ਤੈਅ ਹੋਣ ਦੀ ਤਾਰੀਕ ਤੋਂ ਇੱਕ ਸਾਲ ਦੇ ਅੰਦਰ ਹੀ ਰਾਈਫਲਾਂ ਭੇਜਣੀਆਂ ਹੋਣਗੀਆਂ।’ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵੱਲੋਂ ਬਣਾਈਆਂ ਗਈਆਂ ਰਾਈਫਲਾਂ ਇਨਸਾਸ ਰਾਈਫਲਾਂ ਦੀ ਥਾਂ ਲੈਣਗੀਆਂ।

VIA PUNJAB