ਭਾਰਤ-ਅਮਰੀਕਾ ਵਿਚਕਾਰ 2+2 ਵਾਰਤਾ ਹੋਵੇਗੀ ਨਵੀਂ ਦਿੱਲੀ ‘ਚ : ਅਮਰੀਕੀ ਵਿਦੇਸ਼ ਮੰਤਰੀ

ਵਾਸ਼ਿੰਗਟਨ – ਲੰਬੇ ਇੰਤਜ਼ਾਰ ਅਤੇ ਵਾਰ-ਵਾਰ ਤਰੀਕਾਂ ਤੈਅ ਕਰਨ ਦੀ ਜੱਦੋ-ਜਹਿਦ ਦੇ ਬਾਅਦ ਆਖਰ ਅਮਰੀਕਾ ਅਤੇ ਭਾਰਤ ਵਿਚਕਾਰ ਪਹਿਲੀ 2+2 ਵਾਰਤਾ 6 ਸਤੰਬਰ ਨੂੰ ਨਵੀਂ ਦਿੱਲੀ ‘ਚ ਹੋਣੀ ਤੈਅ ਹੋਈ ਹੈ। ਅਮਰੀਕਾ ਨੇ ਪਿਛਲੇ ਮਹੀਨੇ ਇਹ ਵਾਰਤਾ ਰੋਕ ਦਿੱਤੀ ਸੀ। 2+2 ਵਾਰਤਾ ਲਈ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਵੀਂ ਦਿੱਲੀ ਆਉਣਗੇ। ਵਿਦੇਸ਼ ਵਿਭਾਗ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਇਕ ਬਿਆਨ ਦਿੱਤਾ,”ਸੰਯੁਕਤ ਰਾਸ਼ਟਰ (ਅਮਰੀਕਾ) ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ-ਭਾਰਤ ਦੀ ਪਹਿਲੀ 2+2 ਵਾਰਤਾ 6 ਸਤੰਬਰ ਨੂੰ ਨਵੀਂ ਦਿੱਲੀ ‘ਚ ਹੋਵੇਗੀ। ਨੋਰਟ ਨੇ ਕਿਹਾ ਕਿ ਵਿਦੇਸ਼ ਮੰਤਰੀ ਪੋਪੀਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਵੀਂ ਦਿੱਲੀ ਆਪਣੇ ਹਮਰੁਤਬਾ ਨੇਤਾਵਾਂ ਨਾਲ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਉਤਸ਼ਾਹਿਤ ਹਨ। ਹਿੰਦ ਪ੍ਰਸ਼ਾਂਤ ਖੇਤਰ ਸਮੇਤ ਹੋਰ ਕਈ ਖੇਤਰਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਮਰੀਕਾ-ਭਾਰਤ ਭਾਗੀਦਾਰੀ ਦੇ ਪਿਛੋਕੜ ‘ਚ ਪੋਪੀਓ ਅਤੇ ਮੈਟਿਸ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਹੋਣ ਵਾਲੀ ਗੱਲਬਾਤ ਦੌਰਾਨ ਰਣਨੀਤਕ, ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ‘ਤੇ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵ੍ਹਾਈਟ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਮੁਲਾਕਾਤ ਮਗਰੋਂ ਇਸ ਗੱਲ ਦਾ ਐਲਾਨ ਹੋਇਆ ਸੀ। ਜੂਨ ‘ਚ ਐਲਾਨ ਦੇ ਬਾਅਦ ਦੋਹਾਂ ਦੇਸ਼ਾਂ ਨੇ ਪਹਿਲੀ ਗੱਲਬਾਤ ਦੀ ਤਰੀਕ ਤੈਅ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਸ ‘ਚ ਸਫਲਤਾ ਨਹੀਂ ਮਿਲ ਸਕੀ।

VIA PUNJAB