ਭਾਰਤ ਦਾ ਬੰਗਲਾਦੇਸ਼ ਨਾਲ ਅਭਿਆਸ ਮੈਚ ਅੱਜ

ਬੱਲੇਬਾਜ਼ਾਂ ਦੇ ਅਸਫਲ ਹੋਣ ਕਾਰਨ ਨਿਊਜ਼ੀਲੈਂਡ ਹੱਥੋਂ ਤਕੜੀ ਹਾਰ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਆਪਣੇ ਦੂਜੇ ਅਤੇ ਆਖ਼ਰੀ ਅਭਿਆਸ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਉਤਰੇਗਾ। ਭਾਰਤੀ ਟੀਮ ਵਾਪਸੀ ਕਰਕੇ ਆਪਣੇ ਹਰ ਵਿਭਾਗ ਨੂੰ ਪਰਖਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਮੌਸਮ ਵਿਭਾਗ ਨੇ ਮੈਚ ਤੋਂ ਪਹਿਲਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਹ ਮੁਕਾਬਲਾ ਦੁਪਹਿਰ ਤਿੰਨ ਵਜੇ ਹੋਵੇਗਾ, ਪਰ ਮੀਂਹ ਕਾਰਨ ਪੱਛੜ ਵੀ ਸਕਦਾ ਹੈ।ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੀ ਇੰਗਲੈਂਡ ਪਹੁੰਚਣ ’ਤੇ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਨੂੰ ਓਵਲ ਵਿੱਚ ਪਹਿਲੇ ਅਭਿਆਸ ਮੈਚ ਵਿੱਚ ਨਿਊਜ਼ੀਲੈਂਡ ਤੋਂ ਛੇ ਵਿਕਟਾਂ ਨਾਲ ਹਾਰ ਝੱਲਣੀ ਪਈ। ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਹਾਲਾਂਕਿ ਕਿਹਾ ਕਿ ਇਹ ਹਾਰ ਚਿੰਤਾ ਦਾ ਵਿਸ਼ਾ ਨਹੀਂ, ਪਰ ਫਿਰ ਵੀ ਟੀਮ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਜੂਨ ਨੂੰ ਹੋਣ ਵਾਲੇ ਪਹਿਲੇ ਮੈਚ ਤੋਂ ਪਹਿਲਾਂ ਆਪਣਾ ਮਨੋਬਲ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੇਗੀ। ਭਾਰਤ ਆਪਣੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ’ਤੇ ਕਾਫ਼ੀ ਨਿਰਭਰ ਹੈ, ਪਰ ਪਹਿਲੇ ਅਭਿਆਸ ਮੈਚ ਦੌਰਾਨ ਬੱਲੇਬਾਜ਼ਾਂ ਦੀ ਇਹ ਤਿੱਕੜੀ ਸਿਰਫ਼ 22 ਦੌੜਾਂ ਹੀ ਬਣਾ ਸਕੀ। ਦੂਜੇ ਪਾਸੇ, ਰਵਿੰਦਰ ਜਡੇਜਾ ਨੇ 50 ਗੇਂਦਾਂ ’ਤੇ 54 ਦੌੜਾਂ ਬਣਾ ਕੇ ਵਿਸ਼ਵ ਕੱਪ ਲਈ ਟੀਮ ਵਿੱਚ ਥਾਂ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ। ਇਹ ਹਰਫ਼ਨਮੌਲਾ ਪਹਿਲਾਂ ਵੀ ਇੰਗਲੈਂਡ ਵਿੱਚ ਸਫਲ ਰਿਹਾ ਹੈ। ਭਾਰਤੀ ਗੇਂਦਬਾਜ਼ੀ ਦੀ ਅਗਵਾਈ ਫਿਰ ਤੋਂ ਜਸਪ੍ਰੀਤ ਬੁਮਰਾਹ ਕਰੇਗਾ। ਪਿਛਲੇ ਮੈਚ ਵਿੱਚ ਵੀ ਉਸ ਨੇ ਚਾਰ ਓਵਰਾਂ ਵਿੱਚ ਦੋ ਦੌੜਾਂ ਦੇ ਕੇ ਇੱਕ ਵਿਕਟ ਲਈ ਸੀ। ਭਾਰਤ ਨੇ ਦੋ ਵਿਕਟਾਂ ਛੇਤੀ ਲੈ ਲਈਆਂ ਸਨ, ਪਰ ਗੇਂਦਬਾਜ਼ ਇਸ ਦਾ ਫ਼ਾਇਦਾ ਨਹੀਂ ਉਠਾ ਸਕੇ। ਬੰਗਲਾਦੇਸ਼ ਖ਼ਿਲਾਫ਼ ਟੀਮ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਘਾਟਾਂ ਨੂੰ ਪੂਰਾ ਕਰਨ ਦਾ ਯਤਨ ਕਰੇਗੀ। ਬੰਗਲਾਦੇਸ਼ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਅਜੇ ਤੱਕ ਅਭਿਆਸ ਦਾ ਮੌਕਾ ਨਹੀਂ ਮਿਲਿਆ।ਟਰੈਂਟ ਬੋਲਟ ਦੀ ਸਵਿੰਗ ਲੈਂਦੀਆਂ ਗੇਂਦਾਂ ਸਾਹਮਣੇ ਸੀਨੀਅਰ ਕ੍ਰਮ ਦੇ ਢਹਿ-ਢੇਰੀ ਹੋਣ ਮਗਰੋਂ ਭਾਰਤੀ ਟੀਮ ਉਭਰ ਨਹੀਂ ਸਕੀ, ਜਿਸ ਕਾਰਨ ਇਹ ਸਾਫ਼ ਹੋ ਗਿਆ ਕਿ ਟੂਰਨਾਮੈਂਟ ਦੌਰਾਨ ਤਿੱਕੜੀ ਦੀ ਨਾਕਾਮੀ ਟੀਮ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਨੰਬਰ ਚਾਰ ਬਾਰੇ ਲੰਮੇ ਸਮੇਂ ਤੱਕ ਚਰਚਾ ਚਲਦੀ ਰਹੀ, ਪਰ ਪਿਛਲੇ ਮੈਚ ਵਿੱਚ ਕੇਐਲ ਰਾਹੁਲ ਇਸ ਸਥਾਨ ’ਤੇ ਉਤਿਰਆ ਅਤੇ ਫਿਰ ਤੋਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।ਪਾਕਿਸਤਾਨ ਖ਼ਿਲਾਫ਼ ਉਸ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਪਰ ਇੱਥੇ ਆਉਣ ਤੋਂ ਪਹਿਲਾਂ ਬੰਗਲਾਦੇਸ਼ ਨੇ ਆਇਰਲੈਂਡ ਵਿੱਚ ਤਿਕੋਣੀ ਲੜੀ ਜਿੱਤੀ, ਜਿੱਥੋਂ ਦੀਆਂ ਪਿੱਚਾਂ ਇੰਗਲੈਂਡ ਦੀਆਂ ਪਿੱਚਾਂ ਦੇ ਲਗਪਗ ਬਰਾਬਰ ਹਨ। ਬੰਗਲਾਦੇਸ਼ ਦੀ ਟੀਮ ਹਾਲਾਤ ਨਾਲ ਬਿਹਤਰ ਤਾਲਮੇਲ ਬਿਠਾ ਸਕਦੀ ਹੈ ਅਤੇ ਇਸ ਲਈ ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੋਵੇਗੀ। ਮੌਸਮ ਵਿਭਾਗ ਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਅਜਿਹੇ ਵਿੱਚ ਮੈਚ ਦੇਰ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਾਰਡਿਫ ਵਿੱਚ ਵੱਡੇ ਸਕੋਰ ਬਣਦੇ ਰਹੇ ਹਨ ਅਤੇ ਅਜਿਹੇ ਵਿੱਚ ਰੋਹਿਤ, ਧਵਨ ਅਤੇ ਕੋਹਲੀ ਵੱਡੀਆਂ ਪਾਰੀਆਂ ਖੇਡਣ ਦੀ ਕੋਸ਼ਿਸ਼ ਕਰਨਗੇ।

VIA PUNJAB