ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣਗੇ ਪੋਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਨਵੀਂ ਦਿੱਲੀ ਦੀ ਉਨ੍ਹਾਂ ਦੀ ਆਉਣ ਵਾਲੀ ਯਾਤਰਾ ਵਿਚ ਭਾਰਤ ਦੇ ਨਾਲ ਅਮਰੀਕਾ ਦੇ ਬੇਹਦ ਮਹੱਤਵਪੂਰਨ ਸਬੰਧਾਂ ਨੂੰ ਗਤੀ ਦੇਣ ‘ਤੇ ਉਨ੍ਹਾਂ ਦਾ ਫੋਕਸ ਰਹੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਤ ਅਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਨੂੰ ਲੈ ਕੇ ਰਣਨੀਤੀ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਖੇਤਰ ਵਿਚ ਚੀਨ ਦਬਦਬਾ ਵਧਾਉਣਾ ਚਾਹੁੰਦਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਣ ਮੋਰਗਨ ਓਰਟਾਗਸ ਨੇ ਸੋਮਵਾਰ ਨੂੰ ਕਿਹਾ ਕਿ ਪੋਂਪੀਓ 24 ਜੂਨ ਨੂੰ ਨਵੀਂ ਦਿੱਲੀ ਰਵਾਨਾ ਹੋਣਗੇ। ਪੋਂਪੀਓ 24 ਜੂਨ ਤੋਂ ਹਿੰਦ-ਪ੍ਰਸ਼ਾਂਤ ਖੇਤਰ ਦੀ ਤਕਰੀਬਨ ਹਫਤੇ ਭਰ ਦੀ ਲੰਬੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਸਭ ਤੋਂ ਆਖਿਰ ਵਿਚ ਦੱਖਣੀ ਕੋਰੀਆ ਜਾਣਗੇ। ਇਸ ਦੌਰਾਨ ਉਹ ਸ਼੍ਰੀਲੰਕਾ ਅਤੇ ਜਾਪਾਨ ਦੀ ਵੀ ਯਾਤਰਾ ਕਰਨਗੇ। ਪੋਂਪੀਓ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 12 ਜੂਨ ਨੂੰ ਇੰਡੀਆ ਆਈਡੀਆਜ਼ ਸਮਿਟ ਆਫ ਅਮਰੀਕਾ-ਇੰਡੀਆ ਬਿਜ਼ਨੈੱਸ ਕੌਂਸਲ ਨੂੰ ਵੀ ਸੰਬੋਧਿਤ ਕਰਨਗੇ। ਪੋਂਪੀਓ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਬੇਹਦ ਮਹੱਤਵਪੂਰਨ ਦੱਸਦੇ ਹੋਏ ਸੋਮਵਾਰ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਫੌਗੀ ਬੌਟਮ ਦਫਤਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਯਾਤਰਾ ਦੀ ਤਿਆਰੀ ਕਰਨ ਲਈ ਮੈਂ ਪ੍ਰਮੁੱਖ ਭਾਰਤੀ ਕਾਰੋਬਾਰੀਆਂ ਦੇ ਸਮੂਹ ਨਾਲ ਗੱਲਬਾਤ ਕਰਾਂਗਾ। ਮੇਰੀ ਯਾਤਰਾ ਦੋ ਹਫਤੇ ਵਿਚ ਸ਼ੁਰੂ ਹੋਵੇਗੀ ਅਤੇ ਇਸ ਦੌਰਾਨ ਮੈਂ ਭਾਰਤ ਜਾਵਾਂਗਾ। ਇਹ (ਅਮਰੀਕਾ ਦੇ) ਰਾਸ਼ਟਰਪਤੀ (ਡੋਨਾਲਡ) ਟਰੰਪ ਦੀ ਹਿੰਦ ਪ੍ਰਸ਼ਾਂਤ ਵਿਚ ਰਣਨੀਤੀ ਦਾ ਅਹਿਮ ਹਿੱਸਾ ਹੈ। ਓਰਟਾਗਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੋਂਪੀਓ ਹਿੰਦ- ਪ੍ਰਸ਼ਾਂਤ ਖੇਤਰ ਵਿਚ 24 ਜੂਨ ਤੋਂ 30 ਜੂਨ ਤੱਕ ਯਾਤਰਾ ਕਰਨਗੇ। ਇਸ ਯਾਤਰਾ ਦਾ ਮਕਸਦ ਮੁਕਤ ਹਿੰਦ ਪ੍ਰਸ਼ਾਂਤ ਦੇ ਸਾਂਝੇ ਟੀਚੇ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਦੇਸ਼ਾਂ ਦੇ ਨਾਲ ਅਮਰੀਕਾ ਦੇ ਸਬੰਧ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਦਾ ਪਹਿਲਾ ਪੜਾਅ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੋਵੇਗਾ। ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨੂੰ ਚੋਣਾਂ ਵਿਚ ਹਾਲ ਵਿਚ ਮਿਲੀ ਜਿੱਤ ਉਨ੍ਹਾਂ ਨੂੰ ਇਕ ਚੰਗਾ ਮੌਕਾ ਮੁਹੱਈਆ ਕਰਵਾਉਂਦੀ ਹੈ ਕਿ ਉਹ ਭਾਰਤ ਸਬੰਧੀ ਆਪਣੀ ਮਜ਼ਬੂਤ ਅਤੇ ਖੁਸ਼ਹਾਲ ਯੋਜਨਾ ਨੂੰ ਲਾਗੂ ਕਰ ਸਕਣ।

VIA PUNJAB