ਭਾਰਤ-ਨਿਊਜ਼ੀਲੈਂਡ ਮੈਚ ’ਤੇ ਵਰ੍ਹ ਸਕਦਾ ਹੈ ਮੀਂਹ

ਨਾਟਿੰਘਮ – ਜ਼ਖ਼ਮੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦੇ ਬਦਲਵੇਂ ਪ੍ਰਬੰਧ ਦੀ ਵੀਰਵਾਰ ਨੂੰ ਇੱਥੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸਖ਼ਤ ਅਜ਼ਮਾਇਸ਼ ਹੋਵੇਗੀ। ਹਾਲਾਂਕਿ ਲਗਾਤਾਰ ਪੈ ਰਿਹਾ ਮੀਂਹ ਭਲਕੇ ਇਸ ਰੋਮਾਂਚਕ ਮੁਕਾਬਲੇ ਵਿੱਚ ਅੜਿੱਕਾ ਬਣ ਸਕਦਾ ਹੈ। ਇੰਗਲੈਂਡ ਵਿੱਚ ਪੈ ਰਹੇ ਬੇਮੌਸਮੇ ਮੀਂਹ ਦੇ ਬੱਦਲ ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ’ਤੇ ਮੰਡਰਾ ਰਹੇ ਹਨ। ਇਸ ਲਈ ਓਵਰਾਂ ਵਿੱਚ ਕਟੌਤੀ ਸੰਭਵ ਹੈ। ਅਜਿਹੀ ਹਾਲਤ ਪੈਦਾ ਹੋਣ ’ਤੇ ਕਿਵੀ ਟੀਮ ਦੀ ਤੇਜ਼ ਗੇਂਦਬਾਜ਼ੀ ਭਾਰਤ ਦੀ ਸਲਾਮੀ ਜੋੜੀ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਭਾਰਤ ਨੇ ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਦੀ ਧਰਤੀ ’ਤੇ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਹਨ, ਜੋ ਕਿਵੀ ਟੀਮ ਨੇ ਹੀ ਜਿੱਤੇ ਹਨ। ਵਿਰਾਟ ਕੋਹਲੀ ਸਾਹਮਣੇ ਟੀਮ ਦੇ ਇਸ ਕ੍ਰਮ ਨੂੰ ਤੋੜਨ ਦੀ ਚੁਣੌਤੀ ਵੀ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਵਿੱਚ ਹੁਣ ਤੱਕ ਸੱਤ ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਨਿਊਜ਼ੀਲੈਂਡ ਨੇ ਚਾਰ ਅਤੇ ਭਾਰਤ ਨੇ ਤਿੰਨ ਵਿੱਚ ਜਿੱਤ ਦਰਜ ਕੀਤੀ ਹੈ। ਇਸ ਲਈ ਕਿਵੀ ਟੀਮ ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਰੋਹਿਤ ਸ਼ਰਮਾ ਨਾਲ ਕੇਐਲ ਰਾਹੁਲ ਸਲਾਮੀ ਜੋੜੀਦਾਰ ਵਜੋਂ ਉਤਰ ਸਕਦਾ ਹੈ। ਧਵਨ ਦੇ ਹੱਥ ਵਿੱਚ ਫਰੈਕਚਰ ਹੋਣ ਕਾਰਨ ਉਹ ਅਗਲੇ ਤਿੰਨ ਮੈਚ ਨਹੀਂ ਖੇਡ ਸਕੇਗਾ। ਇਸ ਤਰ੍ਹਾਂ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੂੰ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਮੈਚਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਆਪਣੀ ਰਣਨੀਤੀ ਬਦਲਣੀ ਪਵੇਗੀ।

VIA PUNJAB