ਭਾਰਤ ਨੂੰ ਰੱਖਿਆ ਸਹਿਯੋਗ ਲਈ ਨਾਟੋ ਦੇ ਸਹਿਯੋਗੀ ਮੁਲਕਾਂ ਜਿਹਾ ਦਰਜਾ ਮਿਲੇਗਾ

ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਇਕ ਵਿਧਾਨਕ ਉਪਬੰਧ ਪਾਸ ਕੀਤਾ ਹੈ ਜਿਸ ਸਦਕਾ ਰੱਖਿਆ ਸਹਿਯੋਗ ’ਚ ਭਾਰਤ ਦਾ ਰੁਤਬਾ ਇਸਰਾਈਲ ਤੇ ਦੱਖਣੀ ਕੋਰੀਆ ਦੀ ਤਰ੍ਹਾਂ ਨਾਟੋ ਵਿਚ ਅਮਰੀਕਾ ਦੇ ਸਹਿਯੋਗੀ ਮੁਲਕਾਂ ਦੇ ਬਰਾਬਰ ਹੋ ਗਿਆ ਹੈ। ਸਾਲ 2020 ਲਈ ਕੌਮੀ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਜਾਂ ਐਨਡੀਏਏ ਵਿਚ ਅਜਿਹਾ ਪ੍ਰਸਤਾਵ ਸ਼ਾਮਲ ਹੈ ਜੋ ਪਿਛਲੇ ਹਫ਼ਤੇ ਅਮਰੀਕੀ ਸੈਨੇਟ ਵਲੋਂ ਪਾਸ ਕਰ ਦਿੱਤਾ ਗਿਆ ਸੀ। ਸੈਨੇਟ ਦੀ ਇੰਡੀਆ ਕਾਕਸ ਕੋ-ਚੇਅਰ ਸੈਨੇਟਰ ਜੌਹਨ ਕੋਰਨਿਨ ਵਲੋਂ ਸੈਨੇਟ ਦੀ ਇੰਡੀਆ ਕਾਕਸ ਦੇ ਕੋ-ਚੇਅਰ ਸੈਨੇਟਰ ਮਾਰਕ ਵਾਰਨਰ ਦੀ ਮਦਦ ਨਾਲ ਪੇਸ਼ ਕੀਤੀਆਂ ਗਈਆਂ ਤਰਮੀਮਾਂ ਵਿਚ ਹਿੰਦ ਮਹਾਸਾਗਰ ਵਿਚ ਅਮਰੀਕਾ-ਭਾਰਤ ਰੱਖਿਆ, ਦਹਿਸ਼ਤਵਾਦ, ਪਾਇਰੇਸੀ ਅਤੇ ਜਹਾਜ਼ਰਾਨੀ ਸੁਰੱਖਿਆ ਜਿਹੇ ਖੇਤਰਾਂ ਵਿਚ ਸਹਿਯੋਗ ਲਈ ਉਪਬੰਧ ਕੀਤਾ ਗਿਆ ਹੈ। ਪਿਛਲੇ ਹਫ਼ਤੇ ਸਦਨ ਵਿਚ ਇੰਡੀਆ ਕਾਕਸ ਦੇ ਕੋ ਚੇਅਰ ਬਰੈਡ ਸ਼ਰਮੈਨ ਤੇ ਕਾਂਗਰਸਮੈਨ ਜੋਏ ਵਿਲਸਨ, ਐਮੀ ਬੇਰਾ, ਟੈਡ ਯੋਹੋ, ਜੌਰਜ ਹੋਲਡਿੰਗ, ਐਡ ਕੇਸ ਅਤੇ ਰਾਜਾ ਕ੍ਰਿਸ਼ਨਾਮੂਰਤੀ ਵਲੋਂ ਵੀ ਇਸੇ ਤਰ੍ਹਾਂ ਦਾ ਵਿਧਾਨਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨਾਲ ਅਮਰੀਕਾ ਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤੀ ਮਿਲਣ ਦੀ ਆਸ ਹੈ। ਅਮਰੀਕੀ ਕਾਂਗਰਸ ਦੇ ਦੋਵੇਂ ਸਦਨਾਂ ਵਲੋਂ ਇਹ ਬਿੱਲ ਪਾਸ ਕਰਨ ਤੋਂ ਬਾਅਦ ਇਹ ਕਾਨੂੰਨੀ ਸ਼ਕਲ ਅਖਤਿਆਰ ਕਰ ਲਵੇਗਾ। ਪ੍ਰਤੀਨਿਧ ਸਦਨ ਵਿਚ ਐਨਡੀਏਏ ਜੁਲਾਈ ਮਹੀਨੇ ਪੇਸ਼ ਹੋਣ ਦੀ ਆਸ ਹੈ ਪਰ ਅਗਸਤ ਮਹੀਨੇ ਹੋਣ ਵਾਲੀਆਂ ਛੁੱਟੀਆਂ ਤੋਂ ਪਹਿਲਾਂ ਹੋਣ ਦੀ ਆਸ ਹੈ।

VIA PUNJAB