ਭਾਰਤ ਨੇ ਅਭਿਆਸ ਮੈਚ ’ਚ ਬੰਗਲਾਦੇਸ਼ ਨੂੰ ਹਰਾਇਆ

ਕੇਐੱਲ ਰਾਹੁਲ ਅਤੇ ਮਹਿੰਦਰ ਸਿੰਘ ਧੋਨੀ ਦੇ ਸੈਂਕੜਿਆਂ ਨਾਲ ਭਾਰਤ ਨੇ ਇੱਥੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਕੇ ਆਪਣਾ ਹੌਸਲਾ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਭਾਰਤ ਦੀਆਂ 359 ਦੌੜਾਂ ਦੇ ਮੁਕਾਬਲੇ ਬੰਗਲਾਦੇਸ਼ ਦੀ ਟੀਮ 49.3 ਓਵਰਾਂ ਵਿੱਚ 264 ਦੌੜਾਂ ਉੱਤੇ ਸਿਮਟ ਗਈ। ਭਾਰਤ ਦੇ ਰਾਹੁਲ ਨੇ 12 ਚੌਕਿਆਂ ਤੇ ਚਾਰ ਛੱਕਿਆਂ ਦੇ ਨਾਲ 108 ਦੌੜਾਂ ਬਣਈਆਂ ਤੇ ਧੋਨੀ ਨੇ 113 ਦੌੜਾਂ ਦੀ ਪਾਰੀ ਖੇਡੀ।ਵਿਸ਼ਵ ਕੱਪ ਮੈਚਾਂ ਦੌਰਾਨ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਆਪਣਾ ਦਾਅਵਾ ਮਜ਼ਬੂਤ ਕਰਦਿਆਂ ਕੇਐਲ ਰਾਹੁਲ ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਵਿਸ਼ਵ ਕੱਪ ਦੇ ਆਪਣੇ ਦੂਜੇ ਅਭਿਆਸ ਕ੍ਰਿਕਟ ਮੈਚ ਵਿੱਚ ਬੰਗਲਾਦੇਸ਼ ਸਾਹਮਣੇ 360 ਦੌੜਾਂ ਦਾ ਟੀਚਾ ਰੱਖਿਆ। ਮੱਧਕ੍ਰਮ ਦੇ ਛੇਵੇਂ ਸਥਾਨ ’ਤੇ ਉਤਰੇ ਮਹਿੰਦਰ ਸਿੰਘ ਧੋਨੀ ਨੇ ਵੀ ਪੁਰਾਣੇ ਰੰਗ ਵਿੱਚ ਪਰਤਦਿਆਂ ਸੈਂਕੜਾ ਜੜਿਆ। ਇਸ ਤਰ੍ਹਾਂ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰ ਕੇ ਸੱਤ ਵਿਕਟਾਂ ’ਤੇ 359 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਰਾਹੁਲ ਨੇ 99 ਗੇਂਦਾਂ ਵਿੱਚ 108 ਦੌੜਾਂ ਬਣਾਈਆਂ, ਜਿਸ ਵਿੱਚ 12 ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਧੋਨੀ ਨੇ ਅੱਠ ਚੌਕੇ ਅਤੇ ਸੱਤ ਛੱਕਿਆਂ ਦੀ ਮਦਦ ਨਾਲ 78 ਗੇਂਦਾਂ ’ਤੇ 113 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਪੰਜਵੀਂ ਵਿਕਟ ਲਈ 164 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਚਾਰ ਵਿਕਟਾਂ ’ਤੇ 102 ਦੌੜਾਂ ਦੀ ਸੰਕਟ ਵਾਲੀ ਹਾਲਤ ਵਿੱਚੋਂ ਕੱਢਿਆ।ਭਾਰਤ ਦੇ ਸੀਨੀਅਰ ਕ੍ਰਮ ਦੇ ਤਿੰਨ ਬੱਲੇਬਾਜ਼ਾਂ ਸ਼ਿਖਰ ਧਵਨ (ਇੱਕ), ਰੋਹਿਤ ਸ਼ਰਮਾ (19) ਅਤੇ ਕਪਤਾਨ ਵਿਰਾਟ ਕੋਹਲੀ (47 ਦੌੜਾਂ) ਦੀ ਲਗਾਤਾਰ ਦੂਜੇ ਮੈਚ ਵਿੱਚ ਨਾਕਾਮੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਪਰ ਰਾਹੁਲ ਨੇ ਭਾਰਤੀ ਟੀਮ ਦੀ ਚੌਥੇ ਨੰਬਰ ਦੀ ਬੱਲੇਬਾਜ਼ੀ ਦੀ ਸਮੱਸਿਆ ਲਗਪਗ ਖ਼ਤਮ ਕਰ ਦਿੱਤੀ ਹੈ। ਵਿਸ਼ਵ ਕੱਪ ਲਈ ਟੀਮ ਚੁਣਨ ਮਗਰੋਂ ਭਾਰਤ ਦੀ ਨੰਬਰ ਚਾਰ ਬੱਲੇਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਕੋਹਲੀ ਨੇ ਦੋਵੇਂ ਅਭਿਆਸ ਮੈਚਾਂ ਵਿੱਚ ਇਸ ਨੰਬਰ ’ਤੇ ਰਾਹੁਲ ਨੂੰ ਬੱਲੇਬਾਜ਼ੀ ਲਈ ਉਤਾਰ ਕੇ ਇਹ ਚਰਚਾ ਲਗਪਗ ਖ਼ਤਮ ਕਰ ਦਿੱਤੀ। ਭਾਰਤ ਹੁਣ ਪੰਜ ਜੂਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਰਾਹੁਲ ਨੂੰ ਇਸ ਸਥਾਨ ’ਤੇ ਬੱਲੇਬਾਜ਼ੀ ਲਈ ਉਤਾਰ ਸਕਦਾ ਹੈ। ਧੋਨੀ ਫਿਰ ਆਪਣੇ ਪੁਰਾਣੇ ਰੰਗ ਵਿੱਚ ਜਾਪਿਆ ਅਤੇ ਸ਼ੁਰੂ ਤੋਂ ਗੇਂਦਬਾਜ਼ਾਂ ’ਤੇ ਭਾਰੂ ਪੈ ਗਿਆ। ਸਪਿੰਨਰਾਂ ’ਤੇ ਉਸ ਨੇ ਅੱਗੇ ਵਧ ਕੇ ਕਈ ਲਾਜਵਾਬ ਸ਼ਾਟ ਮਾਰੇ। ਉਸ ਨੇ ਅਬੂ ਜਾਯਦ ’ਤੇ ਆਪਣੀ ਪਾਰੀ ਦਾ ਛੇਵਾਂ ਛੱਕਾ ਮਾਰ ਕੇ ਸਿਰਫ਼ 73 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ। ਇਸ ਪਾਰੀ ਮਗਰੋਂ ਧੋਨੀ ਦੇ ਵਿਸ਼ਵ ਕੱਪ ਵਿੱਚ ਪੰਜਵੇਂ ਨੰਬਰ ’ਤੇ ਉਤਰਨ ਦੀ ਸੰਭਾਵਨਾ ਵਧ ਗਈ ਹੈ। ਸੀਨੀਅਰ ਕ੍ਰਮ ਦੇ ਬੱਲੇਬਾਜ਼ ਹਾਲਾਂਕਿ ਗੇਂਦਬਾਜ਼ਾਂ ਲਈ ਅਨੁਕੂਲ ਹਾਲਤਾਂ ਵਿੱਚ ਅੱਜ ਫਿਰ ਨਹੀਂ ਚੱਲ ਸਕੇ। ਨਿਊਜ਼ੀਲੈਂਡ ਖ਼ਿਲਾਫ਼ ਪਿਛਲੇ ਮੈਚ ਵਿੱਚ ਛੇ ਵਿਕਟਾਂ ਨਾਲ ਹਾਰ ਦੌਰਾਨ ਵੀ ਬੱਲੇਬਾਜ਼ਾਂ ਦੀ ਇਹ ਭਾਰਤੀ ਤਿੱਕੜੀ ਸਿਰਫ਼ 22 ਦੌੜਾਂ ਹੀ ਬਣਾ ਸਕੀ ਸੀ।

VIA PUNJAB