ਭਾਰਤ ਨੇ ਦੱਖਣੀ ਏਸ਼ੀਆ ਵਿੱਚ ਰਣਨੀਤਕ ਸਥਿਰਤਾ ਖਤਰੇ ਵਿਚ ਪਾਈ: ਅਲਵੀ

ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਹੈ ਕਿ ਭਾਰਤ ਦੇ ਹਮਲਾਵਰ ਰੁਖ ਅਤੇ ਮਾਰੂ ਹਥਿਆਰਾਂ ਦੀ ਸ਼ਮੂਲੀਅਤ ਨਾਲ ਦੱਖਣੀ ਏਸ਼ੀਆ ’ਚ ਰਣਨੀਤਕ ਸਥਿਰਤਾ ਖਤਰੇ ’ਚ ਪੈ ਗਈ ਹੈ। ਰੇਡੀਓ ਪਾਕਿਸਤਾਨ ਮੁਤਾਬਕ ਅਲਵੀ ਨੇ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨ ਦੀ ਇਲਾਕਾਈ ਅਖੰਡਤਾ ਅਤੇ ਖੁਦਮੁਖਤਿਆਰੀ ਦੀ ਰਾਖੀ ਦੀ ਸਮਰੱਥਾ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਮੁਲਕਾਂ ਵੱਲੋਂ ਪਰਮਾਣੂ ਤਕਨਾਲੋਜੀ ਅਤੇ ਅਤਿ ਆਧੁਨਿਕ ਪ੍ਰਣਾਲੀਆਂ ਗੁਆਂਢੀ ਮੁਲਕ ਨੂੰ ਦੇ ਕੇ ਖੇਤਰੀ ਸੁਰੱਖਿਆ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ’ਚੋਂ ਇਕ ਅਲਵੀ ਨੇ ਇਹ ਬਿਆਨ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਸਰਜੀਕਲ ਸਟਰਾਈਕ ਅਤੇ ਸੀਮਤ ਜੰਗ ਜਿਹੀਆਂ ਗੱਲਾਂ ਦਾ ਨੋਟਿਸ ਲੈਣ ਦੀ ਬੇਨਤੀ ਕੀਤੀ। ਰਾਸ਼ਟਰਪਤੀ ਨੇ ਆਲਮੀ ਸ਼ਾਂਤੀ ਲਈ ਜੰਮੂ ਕਸ਼ਮੀਰ ਸਮੇਤ ਹੋਰ ਬਕਾਇਆ ਵਿਵਾਦਾਂ ਦਾ ਹੱਲ ਕੱਢਣ ਦਾ ਸੱਦਾ ਦਿੱਤਾ।

VIA PUNJAB