ਭਾਰਤ ਨੇ ਪਾਇਲਟ ਦੀ ਫੌਰੀ ਤੇ ਸੁਰੱਖਿਅਤ ਰਿਹਾਈ ਮੰਗੀ

ਨਵੀਂ ਦਿੱਲੀ – ਭਾਰਤ ਨੇ ਅੱਜ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕਰਦਿਆਂ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦੀ ਫ਼ੌਰੀ ਅਤੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ। ਭਾਰਤੀ ਪਾਇਲਟ ਨੂੰ ਅੱਜ ਦੋਵਾਂ ਮੁਲਕਾਂ ਵਿੱਚ ਹੋਏ ਹਵਾਈ ਟਕਰਾਅ ਮਗਰੋਂ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਲਿਆ ਸੀ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਾਫ਼ ਕਰ ਦਿੱਤਾ ਕਿ ਭਾਰਤੀ ਪਾਇਲਟ ਨੂੰ ਹਿਰਾਸਤ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਮੰਤਰਾਲੇ ਨੇ ਕਿਹਾ ਕਿ ਗੁਆਂਢੀ ਮੁਲਕ ਨੇ ਇਕ ਜ਼ਖ਼ਮੀ ਫ਼ੌਜੀ ਦੀਆਂ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹ ‘ਸ਼ਿਸ਼ਟਾਚਾਰ ਤੋਂ ਪਰ੍ਹੇ’ ਅਤੇ 1929 ਦੀ ਜਨੇਵਾ ਕਨਵੈਨਸ਼ਨ ਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਪਾਕਿਸਤਾਨ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਭਾਰਤੀ ਪਾਇਲਟ ਨੂੰ ਹਿਰਾਸਤ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਾ ਪੁੱਜੇ। ਭਾਰਤ ਉਹਦੀ (ਪਾਇਲਟ) ਫੌਰੀ ਤੇ ਸੁਰੱਖਿਅਤ ਵਾਪਸੀ ਦੀ ਆਸ ਕਰਦਾ ਹੈ।’ 1929 ਤੇ ਮਗਰੋਂ 1949 ਵਿੱਚ ਸੋਧੀ ਗਈ ਜਨੇਵਾ ਕਨਵੈਨਸ਼ਨ ਮੁਤਾਬਕ ਕੌਮਾਂਤਰੀ ਪੱਧਰ ’ਤੇ ਦੋ ਮੁਲਕਾਂ ਵਿੱਚ ਵਿਵਾਦ ਹੋਣ ਦੀ ਸਥਿਤੀ ਵਿੱਚ ਜੇਕਰ ਕਿਸੇ ਇਕ ਮੁਲਕ ਦਾ ਹਥਿਆਰਬੰਦ ਫੌਜੀ ਦੂਜੇ ਮੁਲਕ ਦੇ ਹੱਥ ਲੱਗ ਜਾਂਦਾ ਹੈ ਤਾਂ ਉਸ ਨਾਲ ਜੰਗੀ ਕੈਦੀ ਵਾਲਾ ਸਲੂਕ ਕੀਤਾ ਜਾਂਦਾ ਹੈ। ਜੰਗੀ ਕੈਦੀ ਨਾਲ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਉਹਨੂੰ ਡਰਾਇਆ ਧਮਕਾਇਆ ਜਾ ਸਕਦਾ ਹੈ।

VIA PUNJAB