ਭਾਰਤ ਨੇ ਮਹਿਲਾ ਹਾਕੀ ਟੀਮ ਐਲਾਨੀ

ਹਾਕੀ ਇੰਡੀਆ ਨੇ 15 ਜੂਨ ਤੋਂ ਜਾਪਾਨ ਦੇ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਰਾਣੀ ਰਾਮਪਾਲ ਨੂੰ ਟੀਮ ਦੀ ਕਪਤਾਨ ਅਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ। ਮਿਡਫੀਲਡਰ ਨਿਸ਼ਾ ਇਸ ਟੂਰਨਾਮੈਂਟ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰੇਗੀ। ਉਸ ਨੂੰ ਰੀਨਾ ਖੋਖਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ, ਜੋ ਸੱਟ ਲੱਗਣ ਕਾਰਨ ਬਾਹਰ ਚੱਲ ਰਹੀ ਹੈ।ਅਨੁਭਵੀ ਗੋਲਕੀਪਰ ਸਵਿਤਾ ਅਤੇ ਰਜਨੀ ਇਤੀਮਾਰਪੂ ਭਾਰਤੀ ਗੋਲ ਪੋਸਟ ਦੀ ਰਾਖੀ ਕਰਨਗੀਆਂ, ਜਦੋਂਕਿ ਦੀਪ ਗਰੇਸ ਏਕਾ, ਨਿਸ਼ਾ, ਗੁਰਜੀਤ ਕੌਰ, ਸਲੀਮਾ ਟੇਟੇ ਅਤੇ ਸੁਨੀਤਾ ਲਾਕੜਾ ਨੂੰ ਟੀਮ ਵਿੱਚ ਡਿਫੈਂਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੋਨਿਕਾ, ਨਿੱਕੀ ਪ੍ਰਧਾਨ, ਲਿਲਿਮਾ ਮਿੰਜ਼, ਨੇਹਾ ਗੋਇਲ ਅਤੇ ਸੁਸ਼ੀਲਾ ਚਾਨੂ ਪੁਖਰੰਬਮ ਨੂੰ ਮਿਡਫੀਲਡਰ ਅਤੇ ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਲਾਲਰੇਮਸਿਆਮੀ ਅਤੇ ਜੋਤੀ ਨੂੰ ਫਾਰਵਰਡ ਵਿੱਚ ਰੱਖਿਆ ਗਿਆ ਹੈ।ਮੁੱਖ ਕੋਚ ਸਯੋਰਡ ਮਾਰੀਨ ਨੇ ਕਿਹਾ, ‘‘ਸਾਡੇ ਕੋਲ ਨਵੇਂ ਅਤੇ ਤਜਰਬੇਕਾਰ ਖਿਡਾਰਨਾਂ ਦੀ ਵਧੀਆ ਸੰਤੁਲਿਤ ਟੀਮ ਹੈ। ਨਿਸ਼ਾ ਨੂੰ ਜ਼ਖ਼ਮੀ ਹੋਈ ਰੀਨਾ ਖੋਖਰ ਦੀ ਥਾਂ ਮਿੱਡਫੀਲਡ ਵਿੱਚ ਰੱਖਿਆ ਗਿਆ ਹੈ ਅਤੇ ਸਿਖਲਾਈ ਦੌਰਾਨ ਉਸ ਨੇ ਵਿਖਾ ਦਿੱਤਾ ਕਿ ਉਹ ਇਸ ਪੁਜ਼ੀਸ਼ਨ ਦੇ ਸਮਰੱਥ ਹੈ। ਟੀਮ ਨੂੰ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਰਹੇਗੀ। ਇਸ ਟੂਰਨਾਮੈਂਟ ਨਾਲ ਉਹ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ ਅਤੇ ਮੇਰਾ ਮੰਨਣਾ ਹੈ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗੀ।’’

VIA PUNJAB