ਭਾਰਤ ਪੂਰੀ ਤਾਕਤ ਨਾਲ ਆਪਣੀ ਪ੍ਰਭੁੱਤਾ ਦੀ ਰਾਖੀ ਕਰੇਗਾ: ਕੋਵਿੰਦ

ਕੋਇੰਬਟੂਰ – ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ’ਤੇ ਕੀਤੇ ਗਏ ਹਵਾਈ ਹਮਲੇ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਭਾਰਤ ਵਲੋਂ ਆਪਣੀ ਸਾਰੀ ਤਾਕਤ ਝੋਕ ਦਿੱਤੀ ਜਾਵੇਗੀ।ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਵਧ ਰਹੇ ਰੁਤਬੇ ਅਨੁਸਾਰ ਮੁਲਕ ਦੇ ਫੌਜੀ ਬਲਾਂ ਦੀ ਤਾਕਤ ਅਤੇ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਭਾਰਤ ਅਮਨ-ਸ਼ਾਂਤੀ ਲਈ ਵਚਨਬੱਧ ਹੈ ਪਰ ਜੇਕਰ ਲੋੜ ਪੈਂਦੀ ਹੈ, ਤਾਂ ਅਸੀਂ ਆਪਣੀ ਪੂਰੀ ਤਾਕਤ ਵਰਤ ਕੇ ਦੇਸ਼ ਦੀ ਪ੍ਰਭੁੱਤਾ ਦੀ ਰਾਖੀ ਕਰਾਂਗੇ। ਮੈਨੂੰ ਭਰੋਸਾ ਹੈ ਕਿ ਅਜਿਹੇ ਸਮੇਂ ਵਿੱਚ ਮੁਲਕ ਦੇ ਬਹਾਦਰ ਸਿਪਾਹੀ ਦੇਸ਼ੀ ਦੀ ਰਾਖੀ ਲਈ ਡਟਣਗੇ।’’ ਉਨ੍ਹਾਂ ਕਿਹਾ ਕਿ ਦੇਸ਼ ਦੀ ਹਵਾਈ ਸੈਨਾ ਵਲੋਂ ਬਾਲਾਕੋਟ ’ਚ ਕੀਤੀ ਗਈ ਕਾਰਵਾਈ ਨੇ ਸਾਡੀ ਆਪਣੇ ਮੁਲਕ ਦੀ ਰਾਖੀ ਪ੍ਰਤੀ ਵਚਨਬੱਧਤਾ ਦਾ ਝਲਕਾਰਾ ਦਿੱਤਾ ਹੈ।ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਦੌਰ ਦੀਆਂ ਮੰਗਾਂ ਨਾਲ ਨਜਿੱਠਣ ਲਈ ਹਵਾਈ ਸੈਨਾ ਵਲੋਂ ਲਗਾਤਾਰ ਆਪਣੇ-ਆਪ ਨੂੰ ਆਧੁਨਿਕ ਯੁੱਗ ਦੀਆਂ ਲੋੜਾਂ ਦੇ ਸਮਰੱਥ ਬਣਾਇਆ ਜਾ ਰਿਹਾ ਹੈ।

VIA PUNJAB