ਮਨਪ੍ਰੀਤ ਐੱਫਆਈਐੱਚ ਦੇ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਦੋ ਹੋਰ ਭਾਰਤੀਆਂ ਵਿਵੇਕ ਪ੍ਰਸਾਦ ਤੇ ਲਾਲਰੈਮਸਿਆਮੀ ਨੂੰ ਐੱਫਆਈਐੱਚ ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਸਾਲ ਦੇ ਉੱਭਰਦੇ ਸਟਾਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਨੇ ਹੁਣ ਤੱਕ 242 ਕੌਮਾਂਤਰੀ ਮੈਚ ਖੇਡੇ ਹਨ। ਇਹ ਖਿਡਾਰੀ ਭਾਰਤੀ ਮਿੱਡਫੀਲਡ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਸ ਦੀ ਕਪਤਾਨੀ ’ਚ ਭਾਰਤ ਨੇ ਭੁਬਨੇਸ਼ਵਰ ’ਚ ਰੂਸ ਨੂੰ 11-3 ਦੇ ਸਕੋਰ ਨਾਲ ਹਰਾ ਕੇ ਟੋਕਿਓ ਓਲੰਪਿਕ ’ਚ ਜਗ੍ਹਾ ਪੱਕੀ ਕੀਤੀ ਸੀ। ਵਿਵੇਕ ਪ੍ਰਸਾਦ ਮਿੱਡਫੀਲਡਰ ਹੈ ਅਤੇ ਉਸ ਨੇ ਪਿਛਲੇ ਸਾਲ ਯੂਥ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਲਾਲਰੈਮਸਿਆਮ ਫਾਰਵਰਡ ਹੈ ਅਤੇ ਉਹ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।

VIA PUNJAB