ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ: ਚੋਣ ਕਮਿਸ਼ਨ

ਨਵੀਂ ਦਿੱਲੀ ਚੋਣ ਕਮਿਸ਼ਨ ਨੇ ਅੱਜ ਭਰੋਸਾ ਦਿੱਤਾ ਹੈ ਕਿ ਈਵੀਐੱਮਜ਼ ਸਟਰਾਂਗ ਰੂਮਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਕਿ ਚੋਣਾਂ ਦੌਰਾਨ ਵਰਤੀਆਂ ਮਸ਼ੀਨਾਂ ਨੂੰ 23 ਮਈ ਨੂੰ ਹੋ ਰਹੀ ਗਿਣਤੀ ਤੋਂ ਪਹਿਲਾਂ ਬੰਦ ਕਰਕੇ ਫਿਰ ਚਲਾਇਆ ਗਿਆ ਹੈ। ਸ਼ਿਕਾਇਤਾਂ ਅਤੇ ਦੋਸ਼ਾਂ ਦੇ ਹਵਾਲਿਆਂ ਨਾਲ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਜ਼ੋਰਦਾਰ ਤਰੀਕੇ ਨਾਲ ਸਾਫ ਸ਼ਬਦਾਂ ਵਿੱਚ ਸਪੱਸ਼ਟ ਕਰਦਾ ਹੈ ਕਿ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਵਿੱਚ ਦਿਖਾਈ ਕਿਸੇ ਵੀ ਵੋਟਿੰਗ ਮਸ਼ੀਨ ਦੀ ਚੋਣਾਂ ਵਿੱਚ ਵਰਤੋਂ ਨਹੀ ਹੋਈ। ਚੋਣਾਂ ਖਤਮ ਹੋਣ ਬਾਅਦ ਸਾਰੀਆਂ ਈਵੀਐੱਮਜ਼ ਅਤੇ ਵੀਵੀਪੈਟ ਮਸ਼ੀਨਾਂ ਸਖਤ ਸੁਰੱਖਿਆ ਪਹਿਰੇ ਥੱਲੇ ਸਟਰਾਂਗ ਰੂਮਾਂ ਵਿੱਚ ਪਈਆਂ ਹਨ। ਸਟਰਾਂਗ ਰੂਮ ਸੀਲਬੰਦ ਹਨ ਤੇ ਦੋ-ਦੋ ਜਿੰਦਰੇ ਲੱਗੇ ਹੋਏ ਹਨ। ਇਹ ਜਿੰਦਰੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਲਾਏ ਗਏ ਹਨ। ਇਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਜਦੋਂ ਤੱਕ ਚੋਣ ਪ੍ਰਕਿਰਿਆ ਪੂਰੀ ਨਹੀਂ ਹੋਈ ਉਦੋਂ ਤੱਕ ਦੀ ਕਾਰਵਾਈ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ। ਸਟਰਾਂਗ ਰੂਮਾਂ ਦੀ ਸੁਰੱਖਿਆ 24 ਘੰਟੇ ਕੇਂਦਰੀ ਸੁਰੱਖਿਆ ਬਲਾਂ ਦੇ ਅਧੀਨ ਹੈ। ਇਸ ਤੋਂ ਇਲਾਵਾ ਉਮੀਦਵਾਰ ਅਤੇ ਉਨ੍ਹਾਂ ਦੇ ਏਜੰਟ ਵੀ ਸਟਰਾਂਗ ਰੂਮਾਂ ’ਤੇ ਰਹਿ ਕੇ ਚੌਕਸੀ ਰੱਖ ਰਹੇ ਹਨ।

VIA PUNJAB