ਰਾਸ਼ਟਰਪਤੀ ਵਲੋਂ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਦਾਨ

ਨਵੀਂ ਦਿੱਲੀ – ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਮੌਜੂਦਾ ਯੁੱਗ ਵਿੱਚ ਵੀ ਸਾਰਥਕ ਦੱਸਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਬਾਰੇ ਗਾਂਧੀ ਜੀ ਦੇ ਵਿਚਾਰਾਂ ਤੋਂ ਕਈ ਮਹਾਨ ਸ਼ਖ਼ਸੀਅਤਾਂ ਪ੍ਰਭਾਵਿਤ ਹੋਈਆਂ ਸਨ। ਉਹ ਅੱਜ ਇੱਥੇ ਸਾਲ 2015, 2016, 2017 ਅਤੇ 2018 ਲਈ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤੇ ਜਾਣ ਸਬੰਧੀ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਸ੍ਰੀ ਕੋਵਿੰਦ ਨੇ ਗਾਂਧੀ ਨੂੰ ਦੂਰ-ਦ੍ਰਿਸ਼ਟੀ ਵਾਲੀ ਸ਼ਖ਼ਸੀਅਤ ਦੱਸਿਆ। ਸਮਾਗਮ ਮੌਕੇ ਸਾਲ 2015 ਲਈ ਗਾਂਧੀ ਸ਼ਾਂਤੀ ਪੁਰਸਕਾਰ ਵਿਵੇਕਾਨੰਦ ਕੇਂਦਰ, ਕੰਨਿਆਕੁਮਾਰੀ ਨੂੰ ਦਿੱਤਾ ਗਿਆ। ਸਾਲ 2016 ਲਈ ਅਕਸ਼ੈ ਪੱਤਰ ਫਾਊਂਡੇਸ਼ਨ ਅਤੇ ਸੁਲਭ ਇੰਟਰਨੈਸ਼ਨਲ ਨੂੰ ਸਾਂਝੇ ਰੂਪ ਵਿਚ ਇਹ ਪੁਰਸਕਾਰ ਦਿੱਤਾ ਗਿਆ। ਸਾਲ 2017 ਲਈ ਈਕਾਲ ਅਭਿਆਨ ਅਤੇ 2018 ਲਈ ਯੋਹਈ ਸਸਕਾਵਾ ਨੂੰ ਪੁਰਸਕਾਰ ਦਿੱਤਾ ਗਿਆ।
ਸ੍ਰੀ ਕੋਵਿੰਦ ਨੇ ਕਿਹਾ ਕਿ ਅਮਰੀਕਾ ਵਿੱਚ ਮਾਰਟਿਨ ਲੂਥਰ ਤੋਂ ਲੈ ਕੇ ਦੱਖਣੀ ਅਫਰੀਕਾ ਵਿੱਚ ਨੈਲਸਨ ਮੰਡੇਲਾ ਤੱਕ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਗਾਂਧੀ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਈਆਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਅੱਜ ਦੇ ਸਮੇਂ ਵਿੱਚ ਵੀ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਸਾਰਥਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਸੂਰਜੀ ਊਰਜਾ ਪ੍ਰਾਜੈਕਟ ਅਤੇ ਸਵੱਛ ਭਾਰਤ ਅਭਿਆਨ ਜਿਹੇ ਮਿਸ਼ਨ ਵੀ ਗਾਂਧੀ ਜੀ ਦੀ ਵਿਚਾਰਧਾਰਾ ਦੀ ਝਲਕ ਹਨ।

VIA PUNJAB