ਹਵਾਈ ਫੌਜ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ

ਸਰਹੱਦ ਪਾਰ ਕੀਤੀ ਏਅਰ ਸਟ੍ਰਾਈਕ, ਕਈ ਅੱਤਵਾਦੀ ਟਿਕਾਣੇ ਤਬਾਹ, 200 ਤੋਂ ਵੱਧ ਅੱਤਵਾਦੀਆਂ ਦੇ ਮਰਨ ਦੀ ਖਬਰ, ਪੰਜਾਬ ਵਿੱਚ ਹਾਈ ਅਲਰਟ
ਨਵੀਂ ਦਿੱਲੀ – (ਸ.ਬ.) ਪਾਕਿਸਤਾਨ ਵਲੋਂ ਆਪਣੀ ਜਮੀਨ ਤੋਂ ਅੱਤਵਾਦ ਨੂੰ ਪਨਾਹ ਦੇ ਕੇ ਭਾਰਤ ਦੇ ਖਿਲਾਫ ਵਰਤਣ ਦੀ ਕਾਰਵਾਈ ਦੇ ਖਿਲਾਫ ਭਾਰਤ ਹਵਾਈ ਫੌਜ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰੀ ਬਮਬਾਰੀ ਕੀਤੀ ਹੈ ਅਤੇ ਪੁਲਵਾਮਾ ਹਮਲੇ ਲਈ ਜਿੰਮੇਵਾਰ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਦੇ ਕਈ ਟਿਕਾਣੇ ਤਬਾਹ ਕਰ ਦਿੱਤੇ ਹਨ|
ਭਾਰਤੀ ਹਵਾਈ ਫੌਜ ਨੇ ਅੱਜ ਤੜਕੇ 3.30 ਵਜੇ ਪਾਕਿਸਤਾਨੀ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ| ਹਵਾਈ ਫੌਜ ਨੇ 12 ਮਿਰਾਜ ਲੜਾਕੂ ਜਹਾਜ਼ਾਂ ਜ਼ਰੀਏ ਏਅਰ ਸਟ੍ਰਾਈਕ ਕੀਤੀ ਹੈ| ਇਨ੍ਹਾਂ ਲੜਾਕੂ ਜਹਾਜ਼ਾਂ ਜ਼ਰੀਏ 1,000 ਕਿਲੋ ਬੰਬ ਸੁੱਟੇ ਗਏ ਹਨ ਅਤੇ ਇਸ ਦੌਰਾਨ ਅੱਤਵਾਦੀਆਂ ਦੇ ਕਈ ਟਿਕਾਣੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਗਏ ਹਨ|
ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਮੁਜੱਫਰਾਬਾਦ ਵਿੱਚ ਕਈ ਥਾਵਾਂ ਤੇ ਇਹ ਹਵਾਈ ਹਮਲਾ ਕੀਤਾ ਗਿਆ ਹੈ| ਮੁੱਖ ਹਮਲਾ ਬਾਲਾਕੋਟ ਵਿੱਚ ਕੀਤਾ ਗਿਆ ਜਿੱਥੇ ਜੈਸ਼ ਏ ਮੁਹੰਮਦ ਦਾ ਕੰਟਰੋਲ ਰੂਮ ਪੂਰੀ ਤਬਾਹ ਹੋਣ ਦੀ ਖਬਰ ਹੈ| ਇਸ ਹਮਲੇ ਦੌਰਾਨ ਕੰਟਰੋਲ ਰੇਖਾ (ਐਲ. ਓ. ਸੀ.) ਦੇ ਪਾਰ ਬਾਲਾਕੋਟ, ਚਕੋਟੀ, ਮੁਜ਼ੱਫਰਾਬਾਦ ਵਿੱਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ|
ਅੱਜ ਤੜਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਵਾਈ ਫੌਜ ਵਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਵਿਦੇਸ਼ ਮੰਤਰਾਲੇ ਵਲੋਂ ਬਾਕਾਇਦਾ ਪੱਤਰਕਾਰ ਸੰਮੇਲਨ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ| ਪੱਤਰਕਾਰ ਸੰਮੇਲਨ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਸ੍ਰੀ ਵਿਜੇ ਗੋਖਲੇ ਨੇ ਕਿਹਾ ਕਿ ਇਹ ਹਮਲਾ ਕਰਨਾ ਜ਼ਰੂਰੀ ਸੀ| ਉਹਨਾਂ ਕਿਹਾ ਕਿ ਭਾਰਤ ਦੀ ਕਾਰਵਾਈ ਵਿੱਚ ਜੈਸ਼ ਦੇ ਉਚ ਕਮਾਂਡਰ ਮਾਰੇ ਗਏ ਹਨ| ਗੋਖਲੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੇਖਦੇ ਹੋਏ ਅਸੀਂ ਸਰਜੀਕਲ ਸਟਰਾਈਕ ਵਰਗਾ ਵੱਡਾ ਕਦਮ ਚੁੱਕਣ ਦੀ ਰਣਨੀਤੀ ਤਿਆਰ ਕੀਤੀ| ਅੱਜ ਸਵੇਰੇ ਬਾਲਾਕੋਟ ਵਿੱਚ ਦਾਖਲ ਹੋ ਕੇ ਏਅਰ ਸਟ੍ਰਾਈਕ ਕੀਤੀ ਗਈ ਹੈ, ਜਿਸ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ, ਸੀਨੀਅਰ ਕਮਾਂਡਰ ਅਤੇ ਜੇਹਾਦੀਆਂ ਦਾ ਸਮੂਹ ਮਾਰਿਆ ਗਿਆ|
ਗੋਖਲੇ ਨੇ ਦੱਸਿਆ ਕਿ ਪਾਕਿਸਤਾਨ 20 ਸਾਲ ਤੋਂ ਅੱਤਵਾਦੀ ਸਾਜਿਸ਼ ਰਚਦਾ ਆ ਰਿਹਾ ਹੈ ਅਤੇ ਅੱਤਵਾਦੀ ਸੰਗਠਨਾਂ ਤੇ ਉੱਥੇ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਜੈਸ਼ ਦਾ ਮੁਖੀ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਹੈ| ਜੈਸ਼ 2001 ਵਿੱਚ ਭਾਰਤੀ ਸੰਸਦ ਅਤੇ ਫਿਰ ਜਨਵਰੀ 2016 ਨੂੰ ਪਠਾਨਕੋਟ ਹਮਲੇ ਵਿਚ ਸ਼ਾਮਲ ਰਿਹਾ ਹੈ ਲਤੇ ਭਾਰਤ ਜੈਸ਼ ਵਿਰੁੱਧ ਕਾਰਵਾਈ ਦੀ ਲਗਾਤਾਰ ਮੰਗ ਕਰਦਾ ਰਿਹਾ ਹੈ| ਉਹਨਾਂ ਕਿਹਾ ਕਿ ਬਿਨਾਂ ਪਾਕਿਸਤਾਨ ਦੀ ਸੁਰੱਖਿਆ ਦੇ ਸੈਂਕੜੇ ਜੇਹਾਦੀ ਪੈਦਾ ਨਹੀਂ ਹੋ ਸਕਦੇ ਅਤੇ ਇਸ ਲਈ ਅੱਜ ਹਵਾਈ ਫੌਜ ਨੇ ਇਹ ਵੱਡੀ ਕਾਰਵਾਈ ਕੀਤੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿਚ ਅੱਤਵਾਦੀ ਹਮਲਾ ਕੀਤਾ ਸੀ ਜਿਸ ਵਿੱਚ ਸਾਡੇ 40 ਜਵਾਨ ਸ਼ਹੀਦ ਹੋਏ ਸਨ| ਇਸ ਹਮਲੇ ਦੇ 12 ਦਿਨਾਂ ਬਾਅਦ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ. ਕੇ.) ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫੌਜ ਵਲੋਂ ਇਹ ਕਾਰਵਾਈ ਭਾਰਤ ਨੇ ਆਦਮਪੁਰ ਏਅਰਬੇਸ ਤੋਂ ਕੀਤੀ ਗਈ ਹੈ| ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਏਅਰਬੇਸ ਹੈ ਅਤੇ 1965 ਵਿੱਚ ਭਾਰਤ ਪਾਕਿਸਤਾਨ ਵਿੱਚ ਹੋਏ ਯੁੱਧ ਵਿੱਚ ਆਦਮਪੁਰ ਏਅਰਬੇਸ ਦੀ ਅਹਿਮ ਭੂਮਿਕਾ ਰਹੀ ਸੀ ਅਤੇ ਆਦਮਪੁਰ ਤੋਂ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਉਤਰੀ ਭਾਰਤੀ ਨੂੰ ਹਵਾਈ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ|
ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣ ਨੂੰ ਲੈ ਕੇ ਬੀ. ਐਸ. ਐਫ., ਆਰਮੀ ਤੇ ਹਵਾਈ ਫੌਜ ਸਭ ਅਲਰਟ ਤੇ ਹਨ| ਸਰਹੱਦ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ| ਭਾਰਤੀ ਹਵਾਈ ਫੌਜ ਵਲੋਂ ਕੀਤੀ ਹਵਾਈ ਸਟਰਾਈਕ ਤੋਂ ਮਗਰੋਂ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਪੰਜਾਬ ਦੀ ਸਰਹੱਦ (ਬਾਰਡਰ) ਤੇ ਆਕਾਸ਼ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ| ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿੱਚ ਕਾਰਵਾਈ ਤੋਂ ਬਾਅਦ ਪੰਜਾਬ ਬਾਰਡਰ ਤੇ ਆਕਾਸ਼ ਮਿਜ਼ਾਈਲ ਦੀ ਤਾਇਨਾਤੀ ਨਾਲ ਹੀ ਏਅਰ ਡਿਫੈਂਸ ਸਿਸਟਮ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ|
ਇਸ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕੀਤੀ| ਪਾਕਿਸਤਾਨ ਨੇ ਕਿਹਾ, ” ਭਾਰਤੀ ਹਵਾਈ ਫੌਜ ਨੇ ਐੱਲ. ਓ. ਸੀ. ਦੀ ਉਲੰਘਣਾ ਕੀਤੀ ਅਤੇ ਜਦੋਂ ਪਾਕਿਸਤਾਨੀ ਹਵਾਈ ਫੌਜ ਨੇ ਇਸ ਖਿਲਾਫ ਕਾਰਵਾਈ ਕੀਤੀ ਤਾਂ ਭਾਰਤੀ ਲੜਾਕੂ ਜਹਾਜ਼ ਵਾਪਸ ਚਲੇ ਗਏ| ” ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ| ਸੂਤਰਾਂ ਮੁਤਾਬਕ, ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੁਰੱਖਿਅਤ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਹੈ|
ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਹਮਲੇ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕੀਤੇ ਜਾਣ ਦੀ ਕਾਰਵਾਈ ਨੂੰ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ ਅਤੇ ਕਈ ਥਾਵਾਂ ਤੇ ਲੋਕਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ| ਲੋਕਾਂ ਦਾ ਕਹਿਣਾ ਹੈ ਕਿ ਹਵਾਈ ਫੌਜ ਨੇ ਪੁਲਵਾਮਾ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਹੈ| ਲੋਕਾਂ ਵਲੋਂ ਹਿੰਦੁਸਤਾਨ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ| ਪਾਕਿਸਤਾਨ ਦੇ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਹੈ ਕਿ ਪੂਰਾ ਦੇਸ਼ ਅੱਜ ਜਸ਼ਨ ਮਨਾ ਰਿਹਾ ਹੈ| ਉਹਨਾਂ ਕਿਹਾ ਕਿ ਉਹ ਦੇਸ਼ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਵੱਲੋਂ ਸਰਹੱਦ ਪਾਰ ਅੱਤਵਾਦੀ ਠਿਕਾਣਿਆਂ ਤੇ ਕੀਤੀ ਗਈ ਕਾਰਵਾਈ ਤੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਸ਼ਾਨਦਾਰ ਕੰਮ ਕੀਤਾ ਹੈ ਤੇ ਪਾਕਿਸਤਾਨ ਨੂੰ ਲੋੜੀਂਦਾ ਸੰਕੇਤ ਦਿੱਤਾ ਹੈ| ਅੱਤਵਾਦੀ ਅਜਿਹਾ ਨਾ ਸੋਚਣ ਕਿ ਪੁਲਵਾਮਾ ਹਮਲੇ ਜਿਹੀਆਂ ਹਰਕਤਾਂ ਵਾਰ ਵਾਰ ਹੋ ਸਕਦੀਆਂ ਹਨ| ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੀ ਕਾਰਵਾਈ ਦਾ ਉਹ ਪੂਰਾ ਸਮਰਥਨ ਕਰਦੇ ਹਨ|
ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਤਵਾਦੀਆਂ ਦਾ ਵਿਨਾਸ਼ ਜ਼ਰੂਰੀ ਹੈ| ਸਿੱਧੂ ਨੇ ਟਵੀਟ ਕਰ ਕੇ ਇਸ ਹਮਲੇ ਤੇ ਕਿਹਾ ਕਿ ”ਲੋਹਾ ਲੋਹੇ ਨੂੰ ਕੱਟਦਾ ਹੈ| ਅੱਗ ਅੱਗ ਨੂੰ ਕੱਟਦੀ ਹੈ| ਸੱਪ ਜਦੋਂ ਡੱਸਦਾ ਹੈ ਤਾਂ ਉਸ ਦਾ ਐਂਟੀਡੋਟ ਜ਼ਹਿਰ ਹੀ ਹੈ, ਅੱਤਵਾਦੀਆਂ ਦਾ ਵਿਨਾਸ਼ ਜ਼ਰੂਰੀ ਹੈ|” ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੀ ਜੈ ਹੋ ਵੀ ਲਿਖਿਆ ਹੈ|
ਐਕਸ ਸਰਵਿਸ ਮੈਨ ਗ੍ਰੀਵੈਂਸਿਸ ਸੈਲ ਐਸ ਏ ਐਸ ਨਗਰ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਕਿ ਹਵਾਈ ਫੌਜ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਸਟੀਕ ਹੈ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਤਵਾਦੀਆਂ ਨੂੰ ਪਨਾਹ ਅਤੇ ਟ੍ਰੇਨਿੰਗ ਦੇ ਕੇ ਭਾਰਤ ਦੇ ਖਿਲਾਫ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਜਦੋਂ ਵੀ ਲੋੜ ਪਵੇਗੀ ਭਾਰਤੀ ਫੌਜ ਉੱਥੇ ਪਨਾਹ ਲੈਣ ਵਾਲੇ ਅੱਤਵਾਦੀਆਂ ਨੂੰ ਤਬਾਹ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੰਦੀ ਰਹੇਗੀ|

VIA PUNJAB