ਰੁਪਿੰਦਰਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਅਨੁਭਵੀ ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਦਸ ਮਈ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਦੌਰੇ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦੋਂਕਿ ਜਸਕਰਨ ਸਿੰਘ ਇਸ ਵਿੱਚ ਇਕਲੌਤਾ ਨਵਾਂ ਖਿਡਾਰੀ ਹੈ। ਰੁਪਿੰਦਰ ਜ਼ਖ਼ਮੀ ਹੋਣ ਕਾਰਨ ਲੰਮੇ ਸਮੇਂ ਤੋਂ ਟੀਮ ਵਿੱਚੋਂ ਬਾਹਰ ਸੀ।ਉਸ ਨੇ ਬੀਤੇ ਸਾਲ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਆਖ਼ਰੀ ਵਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਹਾਕੀ ਇੰਡੀਆ ਵੱਲੋਂ ਐਲਾਨੀ 18 ਮੈਂਬਰੀ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਸੁਰਿੰਦਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਦੌਰੇ ਨਾਲ ਟੀਮ ਪਹਿਲੀ ਵਾਰ ਨਵੇਂ ਕੋਚ ਗ੍ਰਾਹਮ ਰੀਡ ਦੀ ਦੇਖ-ਰੇਖ ਵਿੱਚ ਖੇਡੇਗੀ ਅਤੇ ਉਸ ਦਾ ਟੀਚਾ ਅਗਲੇ ਮਹੀਨੇ ਭੁਵਨੇਸ਼ਵਰ ਵਿੱਚ ਹੋਣ ਵਾਲੀ ਹਾਕੀ ਸੀਰੀਜ਼ ਫਾਈਨਲ ਦੀ ਤਿਆਰੀ ਕਰਨਾ ਹੋਵੇਗਾ। ਭਾਰਤੀ ਟੀਮ ਨੇ ਇਸ ਸੈਸ਼ਨ ਦੀ ਸ਼ੁਰੂਆਤ 28ਵੇਂ ਅਜ਼ਲਾਨ ਸ਼ਾਹ ਕੱਪ ਵਿੱਚ ਚਾਂਦੀ ਦੇ ਤਗ਼ਮੇ ਨਾਲ ਕੀਤੀ ਸੀ, ਜਿੱਥੇ ਨੌਜਵਾਨ ਖਿਡਾਰੀਆਂ ਸਾਹਮਣੇ ਦੱਖਣੀ ਕੋਰੀਆ, ਜਾਪਾਨ, ਕੈਨੇਡਾ, ਪੋਲੈਂਡ ਅਤੇ ਮਲੇਸ਼ੀਆ ਦੀ ਚੁਣੌਤੀ ਸੀ। ਛੇ ਤੋਂ 15 ਜੂਨ ਤੱਕ ਖੇਡੇ ਜਾਣ ਵਾਲੇ ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਦੌਰੇ ’ਤੇ ਭਾਰਤੀ ਟੀਮ ਨੌਜਵਾਨਾਂ ਨਾਲ ਅਨੁਭਵੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਪ੍ਰੀਖਿਆ ਲਵੇਗੀ।

VIA PUNJAB