ਰੂਸ ਵਿੱਚ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 41 ਹੋਈ

ਮਾਸਕੋ – ਰੂਸ ਦੇ ਮਾਸਕੋ ਵਿੱਚ ਹਵਾਈ ਅੱਡੇ ਤੇ ਵਾਪਰੇ ਜਹਾਜ਼ ਹਾਦਸੇ ਵਿੱਚ ਹੁਣ ਤਕ 41 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ| ਰੂਸ ਦੀ ਜਾਂਚ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ| ਸੂਤਰਾਂ ਮੁਤਾਬਕ ਮਾਸਕੋ ਇੰਟਰਸਟੇਟ ਜਾਂਚ ਕਮੇਟੀ ਦੇ ਪ੍ਰਤੀਨਿਧੀ ਏਲੇਨਾ ਮਾਕਰਵਸਕਾਇਆ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਹੁਣ ਤਕ 41 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਉਨ੍ਹਾਂ ਦੱਸਿਆ ਕਿ ਸੁਖੋਈ ਸੁਪਰਜੈਟ-100 ਜਹਾਜ਼ ਵਿੱਚ 78 ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 37 ਲੋਕਾਂ ਨੂੰ ਬਚਾਉਣ ਵਿੱਚ ਹੀ ਸਫਲਤਾ ਮਿਲੀ| ਸਥਾਨਕ ਸਮੇਂ ਮੁਤਾਬਕ ਜਹਾਜ਼ ਨੇ ਐਤਵਾਰ ਸ਼ਾਮੀਂ 6 ਵਜੇ ਸ਼ੇਰੇਮੇਤਿਓਵੋ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਲਗਭਗ 40 ਮਿੰਟ ਤਕ ਮਾਸਕੋ ਖੇਤਰ ਵਿੱਚ ਚੱਕਰ ਲਗਾਉਣ ਮਗਰੋਂ ਐਮਰਜੈਂਸੀ ਲੈਂਡਿੰਗ ਕੀਤੀ| ਲੈਡਿੰਗ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ| ਜਹਾਜ਼ ਵਿੱਚ ਅੱਗ ਲੱਗਣ ਦਾ ਕਾਰਨ ਆਸਮਾਨੀ ਬਿਜਲੀ ਦਾ ਡਿੱਗਣਾ ਦੱਸਿਆ ਜਾ ਰਿਹਾ ਹੈ| ਜਾਂਚ ਟੀਮ ਜਹਾਜ਼ ਹਾਦਸੇ ਦੇ ਚਸ਼ਮਦੀਦਾਂ ਅਤੇ ਹਵਾਈ ਅੱਡਾ ਕਰਮਚਾਰੀਆਂ ਤੋਂ ਇਸ ਸਬੰਧੀ ਹੋਰ ਜਾਣਕਾਰੀ ਲੈ ਰਹੀ ਹੈ| ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗੀ ਹੈ ਅਤੇ ਲੋਕਾਂ ਨੂੰ ਅਗਲੇ ਦਰਵਾਜ਼ੇ ਤੋਂ ਕੱਢਿਆ ਜਾ ਰਿਹਾ ਹੈ| ਲੋਕ ਜਾਨ ਬਚਾਉਣ ਲਈ ਭੱਜ ਰਹੇ ਸਨ ਪਰ ਫਿਰ ਵੀ 41 ਲੋਕਾਂ ਦੀ ਜਾਨ ਚਲੀ ਗਈ|

VIA PUNJAB