ਰੋਜਰਜ਼ ਕੱਪ: ਸੈਮੀ ਫਾਈਨਲ ’ਚ ਪਹੁੰਚੀ ਹਾਲੇਪ

ਮੌਂਟਰੀਅਲ – ਵਿਸ਼ਵ ਦੀ ਨੰਬਰ ਇੱਕ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਕੈਰੋਲੀਨ ਗਾਰਸ਼ੀਆ ਨੂੰ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਦੂਜੇ ਸਾਲ ਬਾਹਰ ਦਾ ਰਾਹ ਦਿਖਾਇਆ। ਉਸ ਨੇ ਲਗਾਤਾਰ ਸੈੱਟਾਂ ’ਚ 7-5, 6-1 ਨਾਲ ਜਿੱਤ ਦਰਜ ਆਪਣੇ ਨਾਂ ਕਰਕੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਫਰੈਂਚ ਓਪਨ ਚੈਂਪੀਅਨ ਹਾਲੇਪ ਨੇ ਇੱਕ ਦਿਨ ਪਹਿਲਾਂ ਅਨਾਸਤਾਸੀਆ ਪਾਵਲਿਊਚੇਨਕੋਵਾ ਖ਼ਿਲਾਫ਼ ਤਿੰਨ ਸੈੱਟਾਂ ਤੱਕ ਚੱਲੇ ਸੰਘਰਸ਼ ’ਚ ਜਿੱਤ ਨਾਲ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ, ਪਰ ਗਾਰਸ਼ੀਆ ਖ਼ਿਲਾਫ਼ ਇਸ ਮੈਚ ’ਚ ਉਹ ਸਹਿਜ ਦਿਖਾਈ ਦਿੱਤੀ ਤੇ ਲਗਾਤਾਰ ਸੈੱਟਾਂ ’ਚ ਜਿੱਤ ਦਰਜ ਕੀਤੀ। ਥੋੜ੍ਹੀ ਲੜਖੜਾਉਂਦੀ ਹੋਈ ਸ਼ੁਰੂਆਤ ਮਗਰੋਂ ਹਾਲੇਪ ਨੇ ਲਗਾਤਾਰ ਤਿੰਨ ਗੇਮਾਂ ਜਿੱਤ ਲਈਆਂ। ਹਾਲੇਪ ਦਾ ਅਗਲਾ ਮੁਕਾਬਲਾ ਹੁਣ ਆਸਟਰੇਲੀਆ ਦੀ ਐਸ਼ਲੇ ਬਾਰਟੀ ਨਾਲ ਹੋਵੇਗਾ ਜਿਸ ਨੇ ਕਿੱਕੀ ਬਰਟੇਨਜ਼ ਨੂੰ ਇੱਕ ਵੱਖਰੇ ਕੁਆਰਟਰ ਫਾਈਨਲ ’ਚ ਲਗਾਤਾਰ ਸੈੱਟਾਂ ’ਚ 6-3, 6-1 ਨਾਲ ਮਾਤ ਦਿੱਤੀ। ਸੈਮੀਫਾਈਨਲ ’ਚ ਹਾਲੇਪ ਤੇ ਬਾਰਟੀ ਕਰੀਅਰ ’ਚ ਪਹਿਲੀ ਵਾਰ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਅਮਰੀਕਾ ਦੀ ਸਲੋਇਨ ਸਟੀਫਨਜ਼ ਨੇ ਲਾਤਵੀਆ ਦੀ ਅਨਾਸਤਾਸੀਆ ਸੇਵਾਸੋਵਾ ਨੂੰ 6-2, 6-2 ਨਾਲ ਮਾਤ ਦਿੱਤੀ ਤੇ ਇੱਕ ਘੰਟੇ ’ਚ ਜਿੱਤ ਆਪਣੇ ਨਾਂ ਕਰ ਲਈ। ਇਸ ਜਿੱਤ ਨਾਲ ਸਟੀਫਨਜ਼ ਨੇ ਲਗਾਤਾਰ ਦੂਜੇ ਸਾਲ ਰੋਜਰਜ਼ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਹੈ, ਜਿੱਥੇ ਉਸ ਦਾ ਮੁਕਾਬਲਾ ਸਾਬਕਾ ਚੈਂਪੀਅਨ ਐਲੀਨਾ ਸਵੀਤੋਲਿਨਾ ਨਾਲ ਹੋਵੇਗਾ, ਜਿਸ ਨੇ ਐਲਿਸ ਮਰਟੈਂਸ ਨੂੰ 7-5, 6-3 ਨਾਲ ਹਰਾਇਆ।

VIA PUNJAB