ਲੋਕ ਸਭਾ ਚੋਣਾਂ: ਚੌਥੇ ਗੇੜ ਦੌਰਾਨ 943 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ਚ ਕੈਦ

ਬੰਗਾਲ ਅਤੇ ਓਡੀਸ਼ਾ ’ਚ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਵਾਪਰੀਆਂ

ਨਵੀਂ ਦਿਲੀ- ਲੋਕ ਸਭਾ ਚੋਣਾਂ ਦੇ ਚੌਥੇ ਗੇੜ ’ਚ 9 ਸੂਬਿਆਂ ਦੀਆਂ 72 ਸੀਟਾਂ ’ਤੇ ਕਰੀਬ 56 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਪਛਮੀ ਬੰਗਾਲ ਦੇ ਆਸਨਸੋਲ ’ਚ ਵੋਟਿੰਗ ਦੌਰਾਨ ਹਿੰਸਾ ਦੀ ਘਟਨਾ ਵਾਪਰੀ ਹੈ। ਇਥੇ ਟੀ.ਐਮ.ਸੀ. ’ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾ ਹੈ। ਹਾਲਾਤ ਨੂੰ ਸੰਭਾਲਣ ਲਈ ਪੁਲਿਸ ਨੂੰ 2 ਬੂਥਾਂ ’ਤੇ ਲਾਠੀਚਾਰਜ ਕਰਨਾ ਪਿਆ। ਇਸ ਤੋਂ ਇਲਾਵਾ ਟੀਐਮਸੀ ਨੇ ਚੋਣ ਕਮਿਸ਼ਨ ਨੂੰ ਪਤਰ ਲਿਖ ਦਸਿਆ ਹੈ ਕਿ ਕੇਂਦਰੀ ਸੁਰਖਿਆ ਬਲਾਂ ਨੇ ਡੁਬਰਾਜਪੁਰ ਦੇ ਇਕ ਪੋਲਿੰਗ ਬੂਥ ਤੇ ਫਾਇਰਿੰਗ ਕੀਤੀ, ਨਾਲ ਹੀ ਇਹ ਵੀ ਦੋਸ਼ ਲਗਾਇਆ ਹੈ ਕਿ ਸੁਰਖਿਆ ਬਲ ਮਤਦਾਤਾਵਾਂ ਨੂੰ ਡਰਾ ਰਹੇ ਹਨ। ਉਨ੍ਹਾਂ ਤੇ ਭਾਜਪਾ ਨੂੰ ਵੋਟ ਦੇਣ ਦਾ ਦਬਾਅ ਪਾ ਰਹੇ ਹਨ। ਦੂਜੇ ਪਾਸੇ ਓਡੀਸ਼ਾ ’ਚ ਬੀਜੂ ਜਨਤਾ ਦਲ (ਬੇਜੇਡੀ) ਨੇ ਚੋਣ ਕਮਿਸ਼ਨ ਨੂੰ ਪਤਰ ਲਿਖ ਕੇ ਭਾਜਪਾ ’ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਕੀਤੀ ਹੈ।ਜ਼ਿਕਰਯੋਗ ਹੈ ਕਿ ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀ 1, ਝਾਰਖੰਡ ਦੀਆਂ 3, ਮਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6-6, ਮਹਾਰਾਸ਼ਟਰ ਦੀਆਂ 17, ਯੂ. ਪੀ. ਅਤੇ ਰਾਜਸਥਾਨ ਦੀਆਂ 13-13 ਸੀਟਾਂ ਅਤੇ ਪਛਮੀ ਬੰਗਾਲ ’ਚ 8 ਸੀਟਾਂ ’ਤੇ ਵੋਟਿੰਗ ਹੋਈ ਹੈ। ਲੋਕ ਸਭਾ ਚੋਣਾਂ ਵਿਚ ਚੌਥੇ ਗੇੜ ’ਚ ਖ਼ਬਰ ਲਿਖੇ ਜਾਣ ਤਕ 56.6 ਫੀਸਦੀ ਵੋਟਿੰਗ ਦਾ ਅਨੁਮਾਨ ਲਗਾਇਆ ਗਿਆ।

VIA PUNJAB