ਵਿਜੀਲੈਂਸ ਨੇ 10,000 ਦੀ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਦਬੋਚਿਆ

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਚੌਂਕੀ ਹੰਬੜਾ, ਜਿਲਾ ਲੁਧਿਆਣਾ ਵਿਖੇ ਤਾਇਨਾਤ ਸਿਪਾਹੀ ਸਰਬਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਸਿਪਾਹੀ ਨੂੰ ਸ਼ਿਕਾਇਤਕਰਤਾ ਅਜਮੇਰ ਸਿੰਘ ਵਾਸੀ ਸਰੂਪ ਨਗਰ, ਸਲੇਮ ਟਾਬਰੀ, ਲੁਧਿਆਣਾ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਸਿਪਾਹੀ ਵਲੋਂ ਉਸ ਖਿਲਾਫ਼ ਚੋਰੀ ਦਾ ਝੂਠਾ ਕੇਸ ਦਰਜ ਨਾ ਕਰਨ ਬਦਲੇ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 30,000 ਵਿਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਉਕਤ ਸਿਪਾਹੀ ਨੂੰ ਇਸ ਮਾਮਲੇ ਵਿਚ ਰਿਸ਼ਵਤ ਵਜੋਂ ਪਹਿਲੀ ਕਿਸ਼ਤ ਦੇ 5,000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸਿਪਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਵਜੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

VIA PUNJAB