ਵਿਸ਼ਵ ਕੱਪ ਦੇ ਸੁਰੱਖਿਆ ਪ੍ਰਬੰਧਾਂ ’ਤੇ ਚਾਨਣਾ ਪਾਏਗੀ ਆਈਸੀਸੀ

ਦੁਬਈ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਬੁੱਧਵਾਰ ਨੂੰ ਇੱਥੇ ਹੋਣ ਵਾਲੀ ਮੁੱਖ ਕਾਰਜਕਾਰੀ ਸਮਿਤੀ (ਸੀਈਸੀ) ਦੀ ਬੈਠਕ ਦੌਰਾਨ ਆਗਾਮੀ ਵਿਸ਼ਵ ਕੱਪ ਵਿਚ ਸੁਰੱਖਿਆ ਬਾਰੇ ਭਾਰਤ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਪਾਕਿਸਤਾਨ ਦੇ ਸੰਭਾਵੀ ਬਾਈਕਾਟ ’ਤੇ ਚਰਚਾ ਹੋਣ ਦੀ ਸੰਭਾਵਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਮੰਗ ਉੱਠ ਰਹੀ ਹੈ ਕਿ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ 16 ਜੂਨ ਨੂੰ ਮਾਨਚੈਸਟਰ ਵਿਚ ਹੋਣ ਵਾਲੇ ਮੈਚ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੰਗ ਦੇ ਜਵਾਬ ਵਿਚ ਭਾਰਤੀ ਕ੍ਰਿਕਟ ਪ੍ਰਸ਼ਾਸਨ ਦੇਖ ਰਹੀ ਸਮਿਤੀ (ਸੀਓਏ) ਨੇ ਆਈਸੀਸੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇਸ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ, ਜੋ ਅਤਿਵਾਦ ਨੂੰ ਸ਼ਹਿ ਦੇ ਰਹੇ ਹਨ। ਹਾਲਾਂਕਿ ਇਸ ਵਿਚ ਪਾਕਿਸਤਾਨ ਦਾ ਨਾਂ ਨਹੀਂ ਲਿਆ ਗਿਆ ਸੀ। ਆਈਸੀਸੀ ਦੀ ਤਿਮਾਹੀ ਬੈਠਕ ਬੁੱਧਵਾਰ ਨੂੰ ਦੁਬਈ ਵਿਚ ਮੁੱਖ ਕਾਰਜਕਰਨੀ ਦੀ ਬੈਠਕ ਦੇ ਨਾਲ ਸ਼ੁਰੂ ਹੋਵੇਗੀ।
ਇਸ ਵਿਚ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਦੇ ਪੱਤਰ ’ਤੇ ਵੀ ਚਰਚਾ ਹੋਵੇਗੀ। ਬੀਸੀਸੀਆਈ ਨੇ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਆਪਣੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ’ਤੇ ਫ਼ਿਕਰ ਜ਼ਾਹਿਰ ਕੀਤਾ ਹੈ। ਆਈਸੀਸੀ ਦੇ ਕੰਮਕਾਜ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਆਈਸੀਸੀ ਵਿਸ਼ਵ ਕੱਪ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦੇਵੇਗੀ। ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਲਈ ਇਹ ਇਕ ਸਮਾਨ ਹੋਵੇਗੀ।
ਉਨ੍ਹਾਂ ਕਿਹਾ ਕਿ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਹਮੇਸ਼ਾ ਉੱਚ ਪੱਧਰੀ ਸੁਰੱਖਿਆ ਪ੍ਰਬੰਧ ਕਰਦਾ ਹੈ। ਅਧਿਕਾਰੀ ਨੇ ਕਿਹਾ ਕਿ ਇੱਥੇ ਵੱਡੇ ਪੱਧਰ ਦੇ ਮੁਕਾਬਲੇ ਹੁੰਦੇ ਹੀ ਰਹਿੰਦੇ ਹਨ ਤੇ ਕਦੇ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਲਈ ਜ਼ਿਆਦਾ ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਰ ਵੀ ਖ਼ਦਸ਼ੇ ਜਤਾਏ ਗਏ ਹਨ ਤੇ ਇਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਆਈਸੀਸੀ ਅਧਿਕਾਰੀ ਨੇ ਕਿਹਾ ਕਿ ਕੌਂਸਲ ਕਿਸੇ ਹੋਰ ਦੇਸ਼ ਦੇ ਮੈਂਬਰ ਦੇਸ਼ ਨਾਲ ਸਬੰਧ ਤੋੜਨ ਦੇ ਹੱਕ ਵਿਚ ਨਹੀਂ ਹੈ। ਇਹ ਕੂਟਨੀਤਕ ਮਾਮਲਾ ਹੈ ਤੇ ਇਸ ਨਾਲ ਸਰਕਾਰੀ ਪੱਧਰ ’ਤੇ ਨਜਿੱਠਿਆ ਜਾਣਾ ਚਾਹੀਦਾ ਹੈ।

VIA PUNJAB