ਵਿਸ਼ਵ ਕੱਪ ਹਰਿੰਦਰ ਲਈ ਆਖਰੀ ਮੌਕਾ: ਹਾਕੀ ਇੰਡੀਆ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹੈਰਾਨੀਜਨਕ ਹਾਰ ਮਗਰੋਂ ਹਾਕੀ ਇੰਡੀਆ ਨੇ ਅੱਜ ਕਿਹਾ ਕਿ ਵਿਸ਼ਵ ਕੱਪ ਮੁੱਖ ਕੋਚ ਹਰਿੰਦਰ ਸਿੰਘ ਤੇ ਸਹਿਯੋਗੀ ਸਟਾਫ਼ ਲਈ ਖੁ਼ਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ ਹੋਵੇਗਾ। ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਸਾਬਕਾ ਚੈਂਪੀਅਨ ਭਾਰਤ ਨੂੰ ਸੋਨ ਤਗ਼ਮੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਤੇ ਟੀਮ ਨੇ ਗਰੁੱਪ ਗੇੜ ਦੇ ਸਾਰੇ ਮੈਚਾਂ ਵਿੱਚ ਜਿੱਤ ਦਰਜ ਕਰਦਿਆਂ ਰਿਕਾਰਡ 76 ਗੋਲ ਕੀਤੇ ਸਨ। ਹਾਕੀ ਇੰਡੀਆ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਸਾਡੇ ਪੁਰਸ਼ ਖਿਡਾਰੀ ਬਿਗੜ ਗਏ ਹਨ। ਉਹ ਹਮੇਸ਼ਾਂ ਸੋਸ਼ਲ ਮੀਡੀਆ ’ਤੇ ਰੁੱਝੇ ਰਹਿੰਦੇ ਹਨ ਤੇ ਅਨੁਸ਼ਾਸਨ ਵੱਲ ਧਿਆਨ ਨਹੀਂ ਦਿੰਦੇ। ਉਨ੍ਹਾਂ ਨੂੰ ਅਥਲੀਟਾਂ, ਨਿਸ਼ਾਨੇਬਾਜ਼ਾਂ ਤੇ ਬੈਡਮਿੰਟਨ ਖਿਡਾਰੀਆਂ ਤੋਂ ਸਬਕ ਲੈਣਾ ਚਾਹੀਦਾ ਹੈ।’ ਭਾਰਤੀ ਟੀਮ ਲਈ ਸਭ ਤੋਂ ਨਮੋਸ਼ੀਜਨਕ ਗੱਲ ਇਹ ਸੀ ਕਿ ਸੈਮੀ ਫਾਈਨਲ ਮੁਕਾਬਲੇ ਦੌਰਾਨ ਉਹ ਆਖਰੀ ਪਲਾਂ ’ਚ ਗੋਲ ਖਾ ਗਈ, ਜਿਸ ਕਰਕੇ ਮੈਚ 2-2 ਨਾਲ ਬਰਾਬਰ ਹੋ ਗਿਆ ਤੇ ਟੀਮ ਸ਼ੂਟਆਊਟ ਵਿੱਚ 6-7 ਨਾਲ ਹਾਰ ਗਈ। ਇਸ ਹਾਰ ਨਾਲ ਭਾਰਤੀ ਟੀਮ 2020 ਟੋਕੀਓ ਓਲੰਪਿਕ ਲਈ ਸਿੱਧਾ ਦਾਖ਼ਲਾ ਪਾਉਣ ਤੋਂ ਵੀ ਖੁੰਝ ਗਈ। ਅਧਿਕਾਰੀ ਨੇ ਕਿਹਾ, ‘ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਇਹ ਖ਼ਰਾਬ ਤੇ ਅਣਕਿਆਸਾ ਪ੍ਰਦਰਸ਼ਨ ਸੀ। ਇਹ ਕਿਸੇ ਪਾਸਿਓਂ ਸਵੀਕਾਰ ਯੋਗ ਨਹੀਂ ਹੈ। ਉਨ੍ਹਾਂ ਦੋ ਸਾਲ ਦੀ ਮਿਹਨਤ ਨੂੰ ਬਰਬਾਦ ਕਰ ਦਿੱਤਾ। ਕਮਜ਼ੋਰ ਟੀਮਾਂ ਖ਼ਿਲਾਫ਼ 76 ਗੋਲ ਕਰਨ ਮਗਰੋਂ ਆਇਆ ਆਤਮ ਵਿਸ਼ਵਾਸ ਟੀਮ ਨੂੰ ਲੈ ਡੁੱਬਿਆ।’ ਅਧਿਕਾਰੀ ਨੇ ਕਿਹਾ ਕਿ ਖਿਡਾਰੀਆਂ ਤੇ ਟੀਮ ਪ੍ਰਬੰਧ ਨੇ ਪੂਰੇ ਮੁਲਕ ਨੂੰ ਸ਼ਰਮਿੰਦਾ ਕੀਤਾ ਹੈ। ਵਿਸ਼ਵ ਕੱਪ ’ਚ ਹਾਲਾਂਕਿ ਬਹੁਤਾ ਸਮਾਂ ਨਹੀਂ ਹੈ, ਲਿਹਾਜ਼ਾ ਅਸੀਂ ਕੋਈ ਬਹੁਤਾ ਬਦਲਾਅ ਨਹੀਂ ਕਰ ਸਕਦੇ, ਪਰ ਵਿਸ਼ਵ ਕੱਪ ਵਿੱਚ ਟੀਮ ਦੇ ਪ੍ਰਦਰਸ਼ਨ ਦਾ ਖਿਡਾਰੀਆਂ ਅਤੇ ਟੀਮ ਪ੍ਰਬੰਧਨ ਦਾ ਭਵਿੱਖ ਮੁਨੱਸਰ ਕਰੇਗਾ। ਅਧਿਕਾਰੀ ਨੇ ਫਾਈਨਲ ਵਿੱਚ ਪੁੱਜੀ ਮਹਿਲਾ ਟੀਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਟੀਚੇ ਤੋਂ ਨਹੀਂ ਭਟਕੇ।

VIA PUNJAB